ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕਾਂਗਰਸ ਹਾਈਕਮਾਨ ਨੇ ਸੂਬੇ ’ਚ ਭੇਜੀਆਂ ਸਰਵੇਖਣ ਟੀਮਾਂ

Ad Position 21
No active advertisement
ਅਜੀਤ ਡੈਸਕ 07-07-2026
ਚੰਡੀਗੜ੍ਹ, 6 ਜੁਲਾਈ ( ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਅੰਦਰ ਛਿੜੀ ਖਾਨਾਜੰਗੀ ਵਿਚਾਲੇ ਇਕ ਹੋਰ ਮਹੱਤਵਪੂਰਨ ਸੂਚਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਨੇ ਆਉਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਹਲਕੇ ’ਚ ਪਾਰਟੀ ਆਗੂਆਂ ਤੇ ਸੰਭਾਵੀ ਉਮੀਦਵਾਰਾਂ ਦੀ ਰਿਪੋਰਟ ਤਿਆਰ ਕਰਨ ਲਈ ਸਰਵੇਖਣ ਟੀਮਾਂ ਭੇਜ ਦਿੱਤੀਆਂ ਹਨ। ਇਸ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਜਲਦ ਸ਼ੁਰੂ ਕਰਨ ਜਾ ਰਹੀ ਹੈ। ਪਾਰਟੀ ਸੂਤਰਾਂ ਅਨੁਸਰ ਪਾਰਟੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਤਿੰਨ-ਤਿੰਨ ਸੰਭਾਵੀ ਉਮੀਦਵਾਰਾਂ ਦਾ ਪੈਨਲ ਤਿਆਰ ਕਰਕੇ ਹਾਈਕਮਾਨ ਨੂੰ ਭੇਜੇਗੀ। ਦੱਸਿਆ ਜਾ ਰਿਹਾ ਕਿ ਪੰਜਾਬ ’ਚ ਭੇਜੀਆਂ ਸਰਵੇਖਣ ਟੀਮਾਂ ਸਾਰੇ ਹਲਕਿਆਂ ’ਚ ਟਿਕਟ ਦੇ ਦਾਅਵੇਦਾਰਾਂ ਦੀ ਹੇਠਲੇ ਪੱਧਰ ’ਤੇ ਰਿਪੋਰਟ ਤਿਆਰ ਕਰਕੇ ਹਾਈਕਮਾਨ ਨੂੰ ਭੇਜਣਗੀਆਂ ਤੇ ਜਿਹੜਾ ਆਗੂ ਸਭ ਤੋਂ ਵੱਧ ਲੋਕ ਪ੍ਰਵਾਨਿਤ ਹੋਵੇਗਾ ਤੇ ਜਿੱਤਣ ਦੀ ਸਮਰੱਥਾ ਰੱਖਦਾ ਹੋਵੇਗਾ ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ। ਸੂਚਨਾ ਅਨੁਸਾਰ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਦੀ ਚੋਣ ’ਚ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਜਾਂ ਸ਼ਾਰਟਕੱਟ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਵੇਗੀ। ਸੰਭਾਵੀ ਉਮੀਦਵਾਰਾਂ ਦੀ ਪਛਾਣ ਉਨ੍ਹਾਂ ਦੀ ਜ਼ਮੀਨੀ ਪਕੜ, ਸੰਗਠਨ ’ਚ ਸਰਗਰਮੀ ਤੇ ਆਪਣੇ ਹਲਕੇ ’ਚ ਲੋਕਪ੍ਰਿਯਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਲਈ ਬੂਥ ਪੱਧਰ ਦੇ ਵਰਕਰਾਂ, ਸਥਾਨਕ ਆਗੂਆਂ ਤੇ ਆਮ ਲੋਕਾਂ ਦੀ ਰਾਇ ਵੀ ਲਈ ਜਾਵੇਗੀ। ਇਸ ਸੰਬੰਧੀ ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਤੋਂ ਤਿੰਨ ਸੰਭਾਵੀ ਨਾਵਾਂ ਦਾ ਪੈਨਲ ਤਿਆਰ ਕਰਕੇ ਕਾਂਗਰਸ ਹਾਈਕਮਾਨ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਹਾਈਕਮਾਨ ਸਾਰੇ ਪੱਖਾਂ ਦਾ ਮੁਲਾਂਕਣ ਕਰਕੇ ਅੰਤਿਮ ਉਮੀਦਵਾਰ ਦੀ ਚੋਣ ਕਰੇਗੀ। ਪਾਰਟੀ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਚੋਣ ਮੈਦਾਨ ’ਚ ਉਹੀ ਚਿਹਰਾ ਉਤਰੇ, ਜਿਸ ਦੀ ਹਲਕੇ ’ਚ ਮਜ਼ਬੂਤ ਪਕੜ ਹੋਵੇ ਤੇ ਜੋ ਕਾਂਗਰਸ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੈਰਾਸ਼ੂਟ ਉਮੀਦਵਾਰਾਂ ਲਈ ਕੋਈ ਥਾਂ ਨਹੀਂ ਹੋਵੇਗੀ। ਕਿਸੇ ਵੀ ਹਲਕੇ ’ਚ ਅਚਾਨਕ ਕਿਸੇ ਬਾਹਰੀ ਵਿਅਕਤੀ ਨੂੰ ਲਿਆ ਕੇ ਟਿਕਟ ਨਹੀਂ ਦਿੱਤੀ ਜਾਵੇਗੀ। ਪਾਰਟੀ ਉਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਪਹਿਲ ਦੇਵੇਗੀ, ਜਿਨ੍ਹਾਂ ਨੇ ਸਾਲਾਂ ਤੱਕ ਸੰਗਠਨ ਲਈ ਕੰਮ ਕੀਤਾ ਹੈ ਤੇ ਲੋਕਾਂ ’ਚ ਆਪਣੀ ਪਛਾਣ ਬਣਾਈ ਹੈ।
Ad Position 22
No active advertisement
ਪਿਛਲੀ ਖ਼ਬਰ ਬੀਬੀ ਭੱਠਲ ਦੀ ਚੁੱਪ ਨੇ ਵੱਡੇ ਆਗੂਆਂ ਦੀਆਂ ਵਧਾਈਆਂ ਧੜਕਣਾਂ ਅਗਲੀ ਖ਼ਬਰ ਅਹੁਦੇ ਪਾਰਟੀ ਤੋਂ ਵੱਡੇ ਨਹੀਂ ਹੁੰਦੇ, ਮੈਂ ਪਾਰਟੀ ਦੇ ਹਿਤਾਂ ਲਈ ਛੱਡੀ ਸੀ ਪ੍ਰਧਾਨਗੀ-ਬਾਜਵਾ
Ad Position 24
No active advertisement