* ਧਮਾਕਿਆਂ ’ਚ ਮਾਰੇ ਗਏ ਸਨ 56 ਲੋਕ * 246 ਹੋਏ ਸਨ ਜ਼ਖ਼ਮੀ
ਅਹਿਮਦਾਬਾਦ, 7 ਜੁਲਾਈ (ਏਜੰਸੀ)-ਗੁਜਰਾਤ ਹਾਈ ਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕੇ ਮਾਮਲੇ ’ਚ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਇਸ ਮਾਮਲੇ ’ਚ 11 ਹੋਰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੋਂ ਰਾਹਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਨ੍ਹਾਂ ਬੰਬ ਧਮਾਕਿਆਂ ’ਚ 56 ਵਿਅਕਤੀ ਮਾਰੇ ਗਏ ਸਨ ਅਤੇ 246 ਜ਼ਖ਼ਮੀ ਹੋਏ ਸਨ। ਹਾਈ ਕੋਰਟ ਨੇ ਇਸ ਮਾਮਲੇ ’ਚ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਦੋਸ਼ੀਆਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਅਦਾਲਤ ਨੇ ਸੂਬਾ ਸਰਕਾਰ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਵੀ ਆਦੇਸ਼ ਦਿੱਤਾ ਹੈ, ਜਿਸ ਤਹਿਤ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 5-5 ਲੱਖ ਰੁਪਏ ਅਤੇ ਹੋਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਦਾਲਤ ਨੇ ਇਹ ਭੁਗਤਾਨ 31 ਮਾਰਚ,2027 ਤੱਕ ਕਰਨ ਲਈ ਕਿਹਾ ਹੈ। ਹਾਈ ਕੋਰਟ ਦੇ ਫ਼ੈਸਲੇ ’ਤੇ ਸਰਕਾਰੀ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਮਾਰਚ 2025 ਤੋਂ ਰੋਜ਼ਾਨਾ ਹੋ ਰਹੀ ਸੀ। ਜ਼ਿਕਰਯੋਗ ਹੈ 26 ਜੁਲਾਈ,2008 ਨੂੰ ਅਹਿਮਦਾਬਾਦ ਸ਼ਹਿਰ ’ਚ ਕਈ ਬੰਬ ਧਮਾਕੇ ਹੋਏ ਸਨ। ਇਸ ਦੇ ਦੋ ਦਿਨ ਬਾਅਦ ਸੂਰਤ ’ਚ ਵੀ ਬੰਬ ਮਿਲੇ ਸਨ। ਪੁਲਿਸ ਦੀ ਅਪਰਾਧ ਸ਼ਾਖਾ ਦੀ ਜਾਂਚ ’ਚ 100 ਤੋਂ ਵੱਧ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਕੁੱਲ 78 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ। ਫਰਵਰੀ 2022 ਵਿਚ ਵਿਸ਼ੇਸ਼ ਅਦਾਲਤ ਨੇ 49 ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ 28 ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਆਪਣੇ ਫ਼ੈਸਲੇ ’ਚ ਵਿਸ਼ੇਸ਼ ਅਦਾਲਤ ਨੇ ਕਿਹਾ ਸੀ ਕਿ ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਦੋਸ਼ੀ ਬਹੁਤ ਜ਼ਿਆਦਾ ਪੜ੍ਹੇ-ਲਿਖੇ ਅਤੇ ਤਕਨੀਕੀ ਤੌਰ ’ਤੇ ਨਿਪੁੰਨ ਸਨ। ਇਨ੍ਹਾਂ ’ਚ ਕੁਝ ਡਾਕਟਰ, ਪ੍ਰੋਫੈਸਰ ਅਤੇ ਕੰਪਿਊਟਰ ਮਾਹਿਰ ਸਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਤੋਂ ਅਪਰਾਧ ਦੀ ਜੜ੍ਹ ਤੱਕ ਪਹੁੰਚਣ ਵਾਲੀ ਜਾਣਕਾਰੀ ਹਾਸਿਲ ਕਰਨਾ ਬਹੁਤ ਮੁਸ਼ਕਿਲ ਸੀ ਪਰ ਜਾਂਚ ਅਧਿਕਾਰੀਆਂ ਨੇ ਵਿਆਪਕ ਸਬੂਤ ਇਕੱਠੇ ਕੀਤੇ, ਜੋ ਫ਼ੈਸਲੇ ਦਾ ਮਹੱਤਵਪੂਰਨ ਆਧਾਰ ਬਣੇ।
2008 ਅਹਿਮਦਾਬਾਦ ਲੜੀਵਾਰ ਧਮਾਕੇ ਮਾਮਲਾ: ਹਾਈ ਕੋਰਟ ਵਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ
ਅਜੀਤ ਡੈਸਕ
08-07-2026