ਚੰਡੀਗੜ੍ਹ, 7 ਜੁਲਾਈ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ 6 ਜੁਲਾਈ ਨੂੰ ਭਾਰਤ ਸਰਕਾਰ ਕੋਲ ਕੀਤੀ ਗਈ ਅਪੀਲ ’ਤੇ ਕਾਰਵਾਈ ਕਰਦਿਆਂ ਇਲੈਕਟ੍ਰਾਨਿਕਸ ਤੇ ਸੂਚਨਾ ਪ੍ਰੌਦਯੋਗਿਕੀ ਮੰਤਰਾਲੇ ਨੇ ਤਿੰਨ ਮੈਂਬਰੀ ਸਮੀਖਿਆ ਕਮੇਟੀ ਨੂੰ ਪੰਜਾਬੀ ਫ਼ਿਲਮ ‘ਸਤਲੁਜ’ ਨੂੰ ਓ.ਓ.ਟੀ. ਤੋਂ ਹਟਾਏ ਜਾਣ ਨਾਲ ਸੰਬੰਧਿਤ ਹਾਲਾਤਾਂ ਦੀ ਜਾਂਚ ਤੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ । ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਸਿਨੇਮਾ ਅਤੇ ਇਸ ਦੇ ਕਲਾਕਾਰ ਸਾਡੇ ਲੋਕਾਂ ਦੀ ਆਵਾਜ਼, ਇਤਿਹਾਸ ਅਤੇ ਸੱਭਿਆਚਾਰਕ ਪਹਿਚਾਣ ਦੇ ਪ੍ਰਤੀਨਿਧ ਹਨ। ਜਦੋਂ ਪੰਜਾਬੀ ਫ਼ਿਲਮ ਜਗਤ ਅਤੇ ਆਮ ਲੋਕਾਂ ਵਲੋਂ ‘ਸਤਲੁਜ’ ਨੂੰ ਓ.ਓ.ਟੀ. ਤੋਂ ਹਟਾਏ ਜਾਣ ਦੇ ਤਰੀਕੇ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ, ਤਾਂ ਮੈਂ ਆਪਣਾ ਫ਼ਰਜ਼ ਸਮਝਦਿਆਂ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿਚ ਲਿਆਇਆ। ਮੈਂ ਕੇਂਦਰ ਸਰਕਾਰ ਵਲੋਂ ਇਸ ਮਾਮਲੇ ਨੂੰ ਸਮੀਖਿਆ ਕਮੇਟੀ ਕੋਲ ਭੇਜਣ ਦੇ ਤੁਰੰਤ ਫ਼ੈਸਲੇ ਦਾ ਸਵਾਗਤ ਕਰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਕਮੇਟੀ ਇਸ ਮਾਮਲੇ ਦੀ ਵਿਸਤ੍ਰਿਤ ਤੇ ਨਿਰਪੱਖ ਸਮੀਖਿਆ ਕਰੇਗੀ ਤੇ ਮੈਂ ਇਸ ਮੁੱਦੇ ’ਤੇ ਪੰਜਾਬ ਦੇ ਕਲਾਕਾਰਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਡਟ ਕੇ ਖੜ੍ਹਾ ਰਹਾਂਗਾ।
ਕੇਵਲ ਸਿੰਘ ਢਿੱਲੋਂ ਦੀ ਅਪੀਲ ’ਤੇ ਕੇਂਦਰ ਨੇ ਓ.ਟੀ.ਟੀ. ਤੋਂ ‘ਸਤਲੁਜ’ ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ
ਅਜੀਤ ਡੈਸਕ
08-07-2026