ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਖ਼ਰ ਹਾਈਕਮਾਨ ਦੇ ਸਖ਼ਤ ਰਵੱਈਏ ਅੱਗੇ ਝੁਕਿਆ ਬਾਗ਼ੀ ਧੜਾ

Ad Position 21
No active advertisement
ਅਜੀਤ ਡੈਸਕ 10-07-2026

ਚੰਡੀਗੜ੍ਹ ਵਿਖੇ ਬਘੇਲ ਨਾਲ ਅੱਜ ਮੁਲਾਕਾਤ ਸੰਭਵ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 9 ਜੁਲਾਈ - ਪੰਜਾਬ ਕਾਂਗਰਸ ਵਿਚ ਤਬਦੀਲੀ ਨੂੰ ਲੈ ਕੇ ਹਾਈਕਮਾਨ ਵਲੋਂ ਲਏ ਗਏ ਫੈਸਲੇ ਵਿਰੁੱਧ ਉੱਤਰਿਆ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਧੜਾ ਆਖਰ ਹਾਈਕਮਾਨ ਦੀ ਸਖ਼ਤੀ ਅੱਗੇ ਝੁਕਿਆ ਹੋਇਆ ਦਿਖਾਈ ਦੇ ਰਿਹਾ ਹੈ । ਬਾਗੀ ਧੜੇ ਨਾਲ ਮੁਲਾਕਾਤ ਕਰ ਕੇ ਮਨਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜ ਦਿਨਾ ਪੰਜਾਬ ਦੌਰੇ ’ਤੇ ਸਨ ਪਰ ਇਸ ਦੌਰਾਨ ਬਾਗ਼ੀ ਧੜੇ ਵਲੋਂ ਭੁਪੇਸ਼ ਬਘੇਲ ਨਾਲ ਦੂਰੀ ਬਣਾਈ ਰੱਖੀ ਤੇ ਬਗ਼ਾਵਤੀ ਤੇਵਰ ਦਿਖਾਏ ਗਏ ਪਰ ਹੁਣ ਚਾਰ ਦਿਨ ਬਾਅਦ ਚੰਨੀ ਧੜਾ ਬਘੇਲ ਨਾਲ ਮੁਲਾਕਾਤ ਲਈ ਰਾਜ਼ੀ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹਾਈਕਮਾਨ ਨਾਲ ਗੱਲਬਾਤ ਕਰ ਕੇ ਖ਼ਾਨਾਜੰਗੀ ਖਤਮ ਕਰਾਉਣ ਲਈ ‘ਸੂਤਰਧਾਰ’ ਬਣਨ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਕਾਂਗਰਸ ਹਾਈਕਮਾਨ ਦੇ ਇਸ਼ਾਰੇ ’ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਦਲਣ ਦਾ ਫੈਸਲਾ ਦੋ ਟੁੱਕ ਸੁਣਾ ਦੇਣ ਮਗਰੋਂ ਅੱਜ ਚੰਨੀ ਤੁਹਾਡੇ ਵਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ । ਕਰੀਬ ਢਾਈ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਭਾਵੇਂ ਚਰਨਜੀਤ ਸਿੰਘ ਚੰਨੀ ਅੱਜ ਫਿਰ ਮੀਡੀਆ ਦੇ ਸਾਹਮਣੇ ਮੁਖਾਤਬ ਨਹੀਂ ਹੋਏ ਪਰ ਬਾਹਰ ਆ ਕੇ ਕੁਝ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਜ਼ਰੂਰ ਸਾਂਝੀ ਕੀਤੀ, ਜਿਸ ਤੋਂ ਇਹ ਗੱਲ ਨਸ਼ਰ ਹੋ ਗਈ ਕਿ ਬਾਗ਼ੀ ਧੜੇ ਦੇ ਤੇਵਰ ਹੁਣ ਨਰਮ ਪੈ ਗਏ ਹਨ ਤੇ ਉਹ ਭੁਪੇਸ਼ ਬਘੇਲ ਨਾਲ ਰਾਬਤਾ ਬਣਾਉਣ ਲਈ ਰਾਜ਼ੀ ਹਨ । ਹਾਲਾਂਕਿ ਬਾਗ਼ੀ ਧੜੇ ਦੇ ਸਾਰੇ ਆਗੂ ਅਜੇ ਭੁਪੇਸ਼ ਬਘੇਲ ਨੂੰ ਨਹੀਂ ਮਿਲਣਗੇ ਅਤੇ ਦੋ ਆਗੂਆਂ ਨੂੰ ਅਧਿਕਾਰਿਤ ਤੌਰ ’ਤੇ ਭੁਪੇਸ਼ ਬਘੇਲ ਕੋਲ ਆਪਣਾ ਪੱਖ ਰੱਖਣ ਲਈ ਭੇਜਿਆ ਜਾਵੇਗਾ । ਕਿਹੜੇ ਦੋ ਆਗੂ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਕੇ ਸਾਰੇ ਧੜੇ ਦਾ ਪੱਖ ਰੱਖਣਗੇ ਹਾਲਾਂਕਿ ਇਸ ਗੱਲ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ। ਪਰ ਮਿਲੀ ਸੂਚਨਾ ਅਨੁਸਾਰ ਭੁਪੇਸ਼ ਬਘੇਲ ਕੱਲ੍ਹ ਰਾਣਾ ਗੁਰਜੀਤ ਸਿੰਘ ਦੇ ਘਰ ਜਾ ਕੇ ਚੰਨੀ ਧੜੇ ਦੇ ਦੋ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕਰ ਸਕਦੇ ਹਨ । ਭੁਪੇਸ਼ ਬਘੇਲ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦਾ ਮੈਨੂੰ ਅੱਜ ਫੋਨ ਆਇਆ ਸੀ ਤੇ ਜਲਦ ਮਿਲ ਬੈਠ ਕੇ ਮਸਲਾ ਹੱਲ ਕਰ ਲਿਆ ਜਾਵੇਗਾ । ਸੂਤਰ ਦੱਸਦੇ ਹਨ ਕਿ ਰਾਣਾ ਗੁਰਜੀਤ ਸਿੰਘ ਦੇ ਘਰ ਭਲਕੇ ਮੀਟਿੰਗ ਹੋਵੇਗੀ ਜਿਸ ਵਿਚ ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਸ਼ਾਮਿਲ ਹੋਣਗੇ । ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਮੂਹਿਕ ਤੌਰ ’ਤੇ ਹਾਈਕਮਾਨ ਨਾਲ ਮੁਲਾਕਾਤ ਕਰਨਗੇ । ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਨਿੱਜੀ ਤੌਰ ’ਤੇ ਨਹੀਂ, ਸਗੋਂ ਸਾਰੇ ਮਿਲ ਕੇ ਆਪਣੀ ਗੱਲ ਰੱਖਣਗੇ ਤੇ ਹਾਈਕਮਾਨ ਦੀ ਰਾਏ ਵੀ ਸੁਣਨਗੇ । ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿਚ ਲੋਕਤੰਤਰੀ ਪ੍ਰਣਾਲੀ ਹੈ। ਪਾਰਟੀ ਦੇ ਅੰਦਰ ਜੇਕਰ ਕਿਸੇ ਵੀ ਮੁੱਦੇ ’ਤੇ ਮਤਭੇਦ ਹਨ ਤਾਂ ਉਨ੍ਹਾਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਪਾਰਟੀ ਦੀ ਸੰਗਠਨਾਤਮਕ ਪ੍ਰਕਿਰਿਆ ਤਹਿਤ ਸਿਰਫ਼ ਭੁਪੇਸ਼ ਬਘੇਲ ਹੀ ਨਹੀਂ, ਸਗੋਂ ਕੇ.ਸੀ. ਵੇਣੂਗੋਪਾਲ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ, ਲੋੜ ਪਈ ਤਾਂ ਦਿੱਲੀ ਵੀ ਜਾਇਆ ਜਾਵੇਗਾ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਨ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਬਰਿੰਦਰਜੀਤ ਪਾਹੜਾ ਤੇ ਕਈ ਹੋਰ ਆਗੂ ਇਕੱਠੇ ਹੋ ਕੇ ਮੇਰੇ ਕੋਲ ਆਏ ਹਨ ਕਿਉਂਕਿ ਮੇਰੇ ਨਾਲ ਕਪੂਰਥਲਾ ਵਿਚ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਧੱਕਾ ਹੋਇਆ ਹੈ, ਲੋਕਤੰਤਰ ਦਾ ਕਤਲ ਹੋਇਆ ਹੈ ਅਤੇ ਅਸੀਂ ਚੁੱਪ ਕਰ ਕੇ ਨਹੀਂ ਬੈਠਾਂਗੇ, ਜੇਕਰ ਜ਼ਰੂਰਤ ਪਈ ਤਾਂ ਅਦਾਲਤ ਵੀ ਜਾਵਾਂਗੇ । ਕਾਂਗਰਸ ਦੇ ਕਲੇਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੇਰੀ ਬਘੇਲ ਨਾਲ ਕੋਈ ਗੱਲਬਾਤ ਨਹੀਂ ਹੋਈ, ਸਕੱਤਰ ਸੂਰਜ ਠਾਕੁਰ ਨਾਲ ਗੱਲ ਹੋਈ ਸੀ ਤੇ ਉਨ੍ਹਾਂ ਨੂੰ ਮੈਂ ਜ਼ਰੂਰ ਮਿਲਾਂਗਾ। ਉਨ੍ਹਾਂ ਕਿਹਾ ਕਿ ਹਾਈਕਮਾਨ ਤੋਂ ਕੋਈ ਵੀ ਬੰਦਾ ਬਾਹਰ ਨਹੀਂ। ਉਨ੍ਹਾਂ ਕਿਹਾ ਕਿ ਬਘੇਲ ਸਾਡੇ ਆਪਣੇ ਹਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਬਘੇਲ ਨਾਲ ਗੱਲ ਕਰ ਕੇ ਸਮਾਂ ਲੈਣਗੇ, ਉਸ ਮਗਰੋਂ ਮੁਲਾਕਾਤ ਹੋ ਜਾਵੇਗੀ ।
ਸਾਬਕਾ ਮੁੱਖ ਮੰਤਰੀ ਭੱਠਲ ਨੂੰ ਮਿਲਣ ਪੁੱਜੇ ਬਘੇਲ
ਉੱਧਰ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਭੁਪੇਸ਼ ਬਘੇਲ ਵਲੋਂ ਜਿੱਥੇ ਵੱਖ-ਵੱਖ ਆਗੂਆਂ ਨਾਲ ਮੁਲਾਕਾਤ ਦਾ ਦੌਰ ਜਾਰੀ ਰਿਹਾ, ਉੱਥੇ ਅੱਜ ਉਨ੍ਹਾਂ ਚੰਡੀਗੜ੍ਹ ਵਿਖੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕੀਤੀ । ਉਨ੍ਹਾਂ ਇਸ ਮੌਕੇ ਪੰਜਾਬ ਕਾਂਗਰਸ ਅਤੇ ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤਾਂ ਬਾਰੇ ਭੱਠਲ ਨਾਲ ਵਿਚਾਰ-ਵਟਾਂਦਰਾ ਵੀ ਕੀਤਾ । ਇਸ ਮੌਕੇ ਉਨ੍ਹਾਂ ਨਾਲ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਵੀ ਹਾਜ਼ਰ ਸਨ । ਭੱਠਲ ਨੇ ਇਸ ਮੌਕੇ ਬਘੇਲ ਨੂੰ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇ, ਇਸ ਲਈ ਥੋੜ੍ਹੇ ਬਹੁਤ ਜੋ ਮਤਭੇਦ ਆਗੂਆਂ ਵਿਚਾਲੇ ਚੱਲ ਰਹੇ ਹਨ, ਜਲਦ ਉਨ੍ਹਾਂ ਨੂੰ ਦੂਰ ਕਰ ਕੇ ਪਾਰਟੀ ਨੂੰ ਅੱਗੇ ਤੋਰਿਆ ਜਾਵੇ। ਇਸੇ ਤਰ੍ਹਾਂ ਭੁਪੇਸ਼ ਬਘੇਲਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ।
ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ - ਬਘੇਲ
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਅੱਜ ਦੇਰ ਸ਼ਾਮ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਮਾਹੌਲ ਬਣ ਚੁੱਕਿਆ ਹੈ ਅਤੇ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ, ਇਹ ਤੈਅ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਪੂਰੇ ਪੰਜਾਬ ਵਿਚ ਸਿਰਫ਼ ਕਾਂਗਰਸ ਦੀ ਹੀ ਗੱਲ ਹੋ ਰਹੀ ਹੈ। ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਾਡਰ ਪੰਜਾਬ ਵਿਚ ਹੇਠਲੇ ਪੱਧਰ ’ਤੇ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਕੌਂਸਲ ਚੋਣ ਵਿਚ ਹਾਰ ਦੇ ਬਾਵਜੂਦ ‘ਆਪ’ ਨੇ ਅਹੁਦੇ ਕਿਵੇਂ ਹਾਸਲ ਕੀਤੇ - ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਪੂਰਥਲਾ ਵਿਚ ਮੇਅਰ ਤੇ ਸ੍ਰੀ ਚਮਕੌਰ ਸਾਹਿਬ ਵਿਚ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ’ਤੇ ਆਮ ਆਦਮੀ ਪਾਰਟੀ ਵਲੋਂ ਕਬਜ਼ਾ ਕਰਨ ਦੇ ਤਰੀਕੇ ਨਾਲ ਸਪੱਸ਼ਟ ਹੋ ਗਿਆ ਕਿ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਫ਼ਤਵਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਧੱਕੇ ਨਾਲ ਉਥੇ ਅਹੁਦੇ ਹਾਸਿਲ ਕਰ ਕੇ ਲੋਕਤੰਤਰ ਦਾ ਘਾਣ ਕੀਤਾ ਹੈ ਚੋਣਾਂ ਹਾਰਨ ਤੋਂ ਬਾਅਦ ਸੰਵਿਧਾਨਕ ਅਹੁਦਿਆਂ ’ਤੇ ਕਬਜ਼ਾ ਕਰਨਾ ਵੋਟਰਾਂ ਦੇ ਭਰੋਸੇ ਨਾਲ ਧੋਖਾ ਕਰਨ ਦੇ ਬਰਾਬਰ ਹੈ।

Ad Position 22
No active advertisement
ਪਿਛਲੀ ਖ਼ਬਰ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਐਸ.ਆਈ.ਆਰ. ਕੈਂਪ 11 ਤੇ 12 ਨੂੰ-ਅਨੰਦਿਤਾ ਮਿੱਤਰਾ ਅਗਲੀ ਖ਼ਬਰ ਪਟਿਆਲਾ ’ਚ ਪਰਿਵਾਰ ਦੇ 4 ਮੈਂਬਰਾਂ ਨੇ ਜ਼ਹਿਰੀਲੀ ਵਸਤੂ ਨਿਗਲੀ-ਪਿਓ-ਧੀ ਦੀ ਮੌਤ
Ad Position 24
No active advertisement