ਚੰਡੀਗੜ੍ਹ, 9 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ’ਚ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸੁਧਾਈ/ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਠਾਉਂਦੇ ਰਹਿਣ ਲਈ ਹਰ ਯੋਗ ਵੋਟਰ ਲਈ ਐਸ.ਆਈ.ਆਰ. ਵੈਰੀਫਿਕੇਸ਼ਨ ਪੂਰੀ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ’ਚ ਸਾਰੇ ਉਸ ਦਾ ਸਹਿਯੋਗ ਕਰਨ ਕਿਉਂ ਜੋ ਪੰਜਾਬ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ, ਜਿਨ੍ਹਾਂ ’ਚ ਮਾਵਾਂ-ਧੀਆਂ ਸਤਿਕਾਰ ਯੋਜਨਾ, 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ, ਰਾਸ਼ਨ/ਭੋਜਨ ਨਾਲ ਸੰਬੰਧਿਤ ਭਲਾਈ ਪ੍ਰੋਗਰਾਮ ਹੋਣ ਜਾਂ ਵੱਖ-ਵੱਖ ਪੈਨਸ਼ਨ ਸਕੀਮਾਂ ਹੋਣ, ਦਾ ਲਾਭ ਪੰਜਾਬ ਦੇ ਯੋਗ ਨਿਵਾਸੀਆਂ ਲਈ ਹੈ, ਜਿਨ੍ਹਾਂ ਦੀ ਬਕਾਇਦਾ ਪੜਤਾਲ ਹੋ ਚੁੱਕੀ ਹੈ। ਅਮਨ ਅਰੋੜਾ ਨੇ ਕਿਹਾ ਕਿ ਐਸ.ਆਈ.ਆਰ. ਅਭਿਆਸ ਇਕ ਵਿਆਪਕ ਵੈਰੀਫਿਕੇਸ਼ਨ ਪ੍ਰਕਿਰਿਆ ਹੈ ਜਿਸਦਾ ਉਦੇਸ਼ ਵੋਟਰ ਸੂਚੀਆਂ ਨੂੰ ਅੱਪਡੇਟ ਕਰਨਾ ਹੈ। ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਨਾਂਅ ਵੋਟਰ ਸੂਚੀ ਵਿਚ ਬਰਕਰਾਰ ਰਹਿਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਈ ਲੋਕ-ਪੱਖੀ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਯੋਗ ਲਾਭਪਾਤਰੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਮਿਲਦੇ ਰਹਿਣ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਹਰ ਅਸਲੀ ਵੋਟਰ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੇ ਅਤੇ ਆਪਣੀ ਵੋਟ ਨੂੰ ਸੁਰੱਖਿਅਤ ਕਰੇ। ਅਮਨ ਅਰੋੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ ਵੋਟ ਕੱਟੀ ਗਈ ਤਾਂ ਸਕੀਮਾਂ ਦਾ ਲਾਭ ਵੀ ਬੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਾਂਗ ਅਸਲੀ ਵੋਟਾਂ ਕੱਟਣ ਦੀ ਭਾਜਪਾ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ ਪੰਜਾਬ ਦੇ ਹਰ ਵੋਟਰ ਨੂੰ ਐਸ.ਆਈ.ਆਰ. ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਕਾਂਗਰਸ ’ਚ ਚੱਲ ਰਹੇ ਕਾਟੋ-ਕਲੇਸ਼ ਬਾਰੇ ਤਨਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਦਾ ਕੁੱਝ ਬਣਨ ਵਾਲਾ ਨਹੀਂ। ਫਿਲਮ ‘ਸਤਲੁਜ’ ’ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਉਸ ਕਾਲੇ ਦੌਰ ’ਚ ਜੋ ਕੁੱਝ ਵਾਪਰਿਆ, ਉਸ ਵਿਚ ਚਾਹੇ ਪੁਲਿਸ ਵਲੋਂ ਚਾਹੇ ਅੱਤਵਾਦੀਆਂ ਵਲੋਂ ਨੌਜਵਾਨ ਮਰੇ ਆਖ਼ਰਕਾਰ ਉਹ ਪੰਜਾਬ ਦੇ ਹੀ ਪੁੱਤ ਸਨ। ਪੰਜਾਬ ਦੀ ਪ੍ਰਧਾਨ ਮੰਤਰੀ ਦੀ ਫੇਰੀ ’ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਜਿਥੇ ਉਹ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਦੇ ਹਨ, ਉੱਥੇ ਇਹ ਵੀ ਅਪੀਲ ਕਰਦੇ ਹਨ ਕਿ ਉਹ ਪੰਜਾਬ ਆਉਣ ਸਮੇਂ ਪੰਜਾਬ ਦਾ ਰੋਕਿਆ ਹੋਇਆ ਤੇ ਬਣਦਾ ਆਰ.ਡੀ.ਐਫ. ਵੀ ਨਾਲ ਲੈ ਕੇ ਆਉਣ, ਤਾਂ ਹੋਰ ਵੀ ਚੰਗਾ ਹੋਵੇਗਾ।
ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਹਰ ਵੋਟਰ ਲਈ ਐਸ.ਆਈ.ਆਰ. ਵੈਰੀਫਿਕੇਸ਼ਨ ਕਰਨਾ ਲਾਜ਼ਮੀ-ਅਮਨ ਅਰੋੜਾ
ਅਜੀਤ ਡੈਸਕ
10-07-2026