ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਲਬੌਰਨ ’ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਹਾਜ਼ਰੀ ’ਚ ਕਰਵਾਏ ‘ਮੈਲਬੌਰਨ ਮੀਟਸ ਮੋਦੀ’ ਸਮਾਗਮ ’ਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਲਈ 30 ਹਜ਼ਾਰ ਤੋਂ ਵੱਧ ਲੋਕ ਪੁੱਜੇ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ 12 ਸਾਲਾਂ ’ਚ ਮੈਂ ਤੀਸਰੀ ਵਾਰ ਆਸਟ੍ਰੇਲੀਆ ਆਇਆ ਹਾਂ। ਇਹ ਹੈਟ੍ਰਿਕ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ-ਆਸਟ੍ਰੇਲੀਆ ਦੇ ਸੰਬੰਧ ਮਜ਼ਬੂਤ ਹੋਏ ਹਨ। ਇਸ ’ਚ ਸਭ ਤੋਂ ਅਹਿਮ ਭੂਮਿਕਾ ਮੈਂ ਨਹੀਂ ਬਲਕਿ ਤੁਸੀਂ ਸਾਰਿਆਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਨਿਭਾਈ ਹੈ। ਉਨ੍ਹਾਂ ਕਿਹਾ ਕਿ ‘ਜ਼ਿਆਦਾ ਵਧੋ, ਜ਼ਿਆਦਾ ਪ੍ਰਾਪਤ ਕਰੋ’ ਦੇ ਦ੍ਰਿਸ਼ਟੀਕੋਣ ਨਾਲ ਭਾਰਤ ਇਕ ਵਿਕਸਤ ਦੇਸ਼ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੇ ਵੱਡੇ ਸੁਪਨਿਆਂ ਅਤੇ ਮਹਾਨ ਇੱਛਾਵਾਂ ਦੀ ਨੀਂਹ ਇਸ ਦੇ ਲੋਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਇਕ ਵਿਕਸਤ ਦੇਸ਼ ਬਣਨ ਦੇ ਟੀਚੇ ਵੱਲ ਕੰਮ ਕਰ ਰਿਹਾ ਹੈ। ਇਹ ਉਹ ਭਾਰਤ ਹੈ ਜੋ ‘ਜ਼ਿਆਦਾ ਵਧੋ, ਜ਼ਿਆਦਾ ਪ੍ਰਾਪਤ ਕਰੋ’ ’ਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਅੱਜ ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ ਦਾ ਨਿਰਮਾਣ ਭਾਰਤ ’ਚ ਹੋ ਰਿਹਾ ਹੈ। ਭਾਰਤ 6ਜੀ ਤਕਨਾਲੋਜੀ ’ਤੇ ਕੰਮ ਕਰ ਰਿਹਾ ਹੈ। ‘ਆਪ੍ਰੇਸ਼ਨ ਸੰਧੂਰ’ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਨੇ ਭਾਰਤ ਦੇ ਰੱਖਿਆ ਪਲੇਟਫ਼ਾਰਮ ਦੀ ਸਮਰੱਥਾ ਅਤੇ ਭਰੋਸੇਯੋਗਤਾ ਦੇਖੀ ਹੈ। ਤੁਸੀਂ ‘ਆਪ੍ਰੇਸ਼ਨ ਸੰਧੂਰ’ ਦੌਰਾਨ ਝਲਕ ਦੇਖੀ ਹੋਵੇਗੀ। ਅੱਤਵਾਦੀਆਂ ਦੇ ਟਿਕਾਣਿਆਂ ’ਤੇ ਧਮਾਕੇ ਹੋ ਰਹੇ ਸਨ ਅਤੇ ਉਸ ਦੀ ਗੂੰਜ ਪੂਰੀ ਦੁਨੀਆ ’ਚ ਸੁਣਾਈ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿਚ 2,00,000 ਤੋਂ ਵੱਧ ਰਜਿਸਟਰਡ ਸਟਾਰਟ-ਅੱਪ ਹਨ ਅਤੇ ਹਰ ਮਹੀਨੇ 4,000 ਤੋਂ ਵੱਧ ਨਵੇਂ ਸਟਾਰਟ-ਅੱਪ ਰਜਿਸਟਰ ਹੋ ਰਹੇ ਹਨ। ਸੈਂਕੜੇ ਸਟਾਰਟ-ਅੱਪ ਰੱਖਿਆ ਅਤੇ ਪੁਲਾੜ ਵਰਗੇ ਖੇਤਰਾਂ ’ਚ ਕੰਮ ਕਰ ਰਹੇ ਹਨ।