ਪਵਨ ਖਰਬੰਦਾ, ਸੰਦੀਪ ਕੁਮਾਰ ਮਾਹਨਾ
ਜਲੰਧਰ ਛਾਉਣੀ/ਚੰਡੀਗੜ੍ਹ, 16 ਜੁਲਾਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇਕ ਰੋਜ਼ਾ ਦੌਰੇ ਦੌਰਾਨ ਕਰੀਬ 26,800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਕਈ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਮੁੱਖ ਖ਼ਾਸੀਅਤਾਂ ’ਚ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹੋਏ ਨਵੀਨੀਕਰਨ ਦਾ ਉਦਘਾਟਨ ਅਤੇ ਪੰਜਾਬ ਵਿਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵਾਲੀਆਂ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਾ ਸ਼ਾਮਿਲ ਹੈ।ਪ੍ਰਧਾਨ ਮੰਤਰੀ ਜਲੰਧਰ ਵਿਖੇ ਰੇਲ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਵੀ ਲੋਕਾਂ ਨੂੰ ਸਮਰਪਿਤ ਕਰਨਗੇ। ਇਸ ਦੇ ਨਾਲ ਹੀ ਉਹ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਆਪਣੇ ਦੌਰੇ ਦੀ ਸ਼ੁਰੂਆਤ ਸਵੇਰੇ 11 ਵਜੇ ਜੀਂਦ ਰੇਲਵੇ ਸਟੇਸ਼ਨ ਤੋਂ ਕਰਨਗੇ। ਜਿਥੋਂ ਉਹ ਜੀਂਦ ਅਤੇ ਸੋਨੀਪਤ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ । ਸਵੇਰੇ 11:30 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਜੀਂਦ ਦੇ ਏਕਲਵਿਆ ਸਟੇਡੀਅਮ ਵਿਖੇ ਲਗਭਗ 14,700 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਜਾਣਗੇ ਜਿੱਥੇ ਦੁਪਹਿਰ 1:45 ਵਜੇ ਉਹ 6,600 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਉਪਰੰਤ ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਜਾਣਗੇ, ਜਿੱਥੋਂ ਉਹ ਸ੍ਰੀ ਮੁਕਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੇ ਮੁਹਾਲੀ ਦੇ 5,470 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਵਰਚੂਅਲ ਨੀਂਹ ਪੱਥਰ ਰੱਖਦੇ ਹੋਏ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਹਰਿਆਣਾ ਵਿੱਚ 12,470 ਕਰੋੜ ਤੋਂ ਵੱਧ ਦੇ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ । ਪ੍ਰਧਾਨ ਮੰਤਰੀ ਲਗਭਗ 9,680 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ 157.92 ਕਿੱਲੋਮੀਟਰ ਲੰਬੇ ਚਾਰ-ਮਾਰਗੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਰਾਸ਼ਟਰ ਨੂੰ ਸਮਰਪਿਤ ਕਰਨਗੇ । ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਐਲੀਵੇਟਿਡ ਰੇਲਵੇ ਟ੍ਰੈਕ ਰਾਸ਼ਟਰ ਨੂੰ ਸਮਰਪਿਤ ਕਰਨਗੇ । ਇਹ ਇੱਕ ਪ੍ਰਮੁੱਖ ਸ਼ਹਿਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜੋ ਸ਼ਹਿਰ ਵਿਚ ਰੇਲਵੇ ਕਰਾਸਿੰਗਾਂ ‘ਤੇ ਲੰਬੇ ਸਮੇਂ ਤੋਂ ਟ੍ਰੈਫਿਕ ਭੀੜ ਨੂੰ ਖਤਮ ਕਰੇਗਾ । ਪ੍ਰਧਾਨ ਮੰਤਰੀ ਪ੍ਰਮੁੱਖ ਮੈਡੀਕਲ ਸੰਸਥਾਵਾਂ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ ਭਿਵਾਨੀ, ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਅਤੇ ਰਾਓ ਤੁਲਾ ਰਾਮ ਹਸਪਤਾਲ, ਕੋਰੀਆਵਾਸ, ਨਾਰਨੌਲ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ 6,600 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਸਿਹਤ, ਸਿੱਖਿਆ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰੋਜੈਕਟ ਲੋਕ ਸਮਰਪਿਤ ਕਰਨਗੇ। ਪੀ.ਜੀ.ਆਈ. ਵਿਚ ਨਵੇਂ ਬਣੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ, ਜਦਕਿ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ’ਚ ਨਵੇਂ ਹੋਸਟਲ ਨਾਲ ਸੰਬੰਧਿਤ ਪ੍ਰੋਜੈਕਟਾਂ ਅਤੇ ਸੈਕਟਰ-46 ਦੇ ਸਰਕਾਰੀ ਕਾਲਜ ਦੇ ਹੋਸਟਲ ਬਲਾਕ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਹ ਪ੍ਰੋਜੈਕਟ ਖੇਤਰ ਵਿਚ ਸਿਹਤ ਸੇਵਾਵਾਂ ਅਤੇ ਉੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ। ਸੜਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਮੁਹਾਲੀ ਆਈ.ਟੀ. ਸਿਟੀ ਤੋਂ ਕੁਰਾਲੀ ਤੱਕ ਬਣੇ 6-ਲੇਨ ਗ੍ਰੀਨਫੀਲਡ ਹਾਈਵੇਅ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਦੇ ਪੀ.ਆਰ.-7 ਸਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਨਾਲ ਜ਼ੀਰਕਪੁਰ ਅਤੇ ਟ੍ਰਾਈਸਿਟੀ ਦੇ ਹੋਰ ਇਲਾਕਿਆਂ ਵਿਚ ਟ੍ਰੈਫ਼ਿਕ ਦਾ ਦਬਾਅ ਘਟਣ ਦੀ ਉਮੀਦ ਹੈ।ਪ੍ਰਧਾਨ ਮੰਤਰੀ ਜਲੰਧਰ ਵਿੱਚ 5,470 ਕਰੋੜ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਛਾਉਣੀ ਸਮੇਤ 75 ਮੁੜ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ । 20 ਸੂਬਿਆਂ ਵਿੱਚ 75 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ, ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਮੁੜ ਵਿਕਾਸ ਪ੍ਰੋਗਰਾਮਾਂ ’ਚੋਂ ਇੱਕ ਹੈ, ਜੋ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ । ਲਗਭਗ 1,570 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਯਾਤਰੀ-ਅਨੁਕੂਲ ਸਹੂਲਤਾਂ ਵਿਚ ਬਦਲ ਦਿੱਤਾ ਗਿਆ ਹੈ। ‘ਵਿਰਾਸਤ ਵੀ, ਵਿਕਾਸ ਵੀ’ ਦੀ ਭਾਵਨਾ ਨਾਲ ਮੁੜ ਵਿਕਸਿਤ ਕੀਤੇ ਗਏ, ਸਟੇਸ਼ਨਾਂ ਵਿਚ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਨੂੰ ਦਰਸਾਉਣ ਵਾਲੇ ਤੱਤ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ ₹830 ਕਰੋੜ ਦੀ ਲਾਗਤ ਨਾਲ ਬਣੀ ਦੌਲਤਪੁਰ ਚੌਕ-ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ । ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਰੇਲ ਸੰਪਰਕ ਨੂੰ ਮਜ਼ਬੂਤ ਕਰੇਗਾ। ਜਿਸ ਨਾਲ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ । ਪ੍ਰਧਾਨ ਮੰਤਰੀ ਕਰਤੋਲੀ-ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਜਿਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਰੇਲ ਸੰਪਰਕ ’ਚ ਸੁਧਾਰ ਹੋਵੇਗਾ।ਪ੍ਰਧਾਨ ਮੰਤਰੀ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਾਲੇ ਸਿੱਧਾ ਰੇਲ ਸੰਪਰਕ ਸਥਾਪਤ ਹੋਵੇਗਾ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 3,070 ਕਰੋੜ ਤੋਂ ਵੱਧ ਦੇ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਚਾਰ-ਮਾਰਗੀ ਗ੍ਰੀਨ ਫੀਲਡ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ 30.9 ਕਿੱਲੋਮੀਟਰ ਲੰਬੇ ਪੈਕੇਜ-6 ਦਾ ਵੀ ਉਦਘਾਟਨ ਕਰਨਗੇ।ਪ੍ਰਧਾਨ ਮੰਤਰੀ 25.2 ਕਿੱਲੋਮੀਟਰ ਲੰਬੇ ਛੇ-ਮਾਰਗੀ ਗ੍ਰੀਨ ਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ । ਇਹ ਪ੍ਰੋਜੈਕਟ ਲੁਧਿਆਣਾ ਅਤੇ ਬਠਿੰਡਾ ਵਿਚਾਲੇ ਯਾਤਰਾ ਦੀ ਦੂਰੀ ਅਤੇ ਸਮੇਂ ਨੂੰ ਘਟਾਏਗਾ।
ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਨੂੰ ਦਿਖਾਉਣਗੇ ਹਰੀ ਝੰਡੀ
ਪ੍ਰਧਾਨ ਮੰਤਰੀ ਆਪਣੇ ਦੌਰੇ ਦੀ ਸ਼ੁਰੂਆਤ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਕਰਨਗੇ, ਜਿੱਥੇ ਉਹ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੂਰੀ ਤਰ੍ਹਾਂ ਭਾਰਤ ਵਿਚ ਡਿਜ਼ਾਈਨ ਅਤੇ ਤਿਆਰ ਕੀਤੀ ਗਈ 10 ਕੋਚਾਂ ਵਾਲੀ ਇਹ ਰੇਲਗੱਡੀ ਦੁਨੀਆ ਦੀਆਂ ਸਭ ਤੋਂ ਲੰਬੀਆਂ ਅਤੇ ਸ਼ਕਤੀਸ਼ਾਲੀ ਹਾਈਡ੍ਰੋਜਨ ਰੇਲਗੱਡੀਆਂ ’ਚੋਂ ਇੱਕ ਹੈ। ਹਾਈਡ੍ਰੋਜਨ ਫਿਊਲ ਸੈੱਲ ਤਕਨੀਕ ’ਤੇ ਆਧਾਰਿਤ ਹੋਣ ਕਾਰਨ ਇਹ ਰੇਲਗੱਡੀ ਬਿਲਕੁਲ ਜ਼ੀਰੋ ਕਾਰਬਨ ਨਿਕਾਸੀ ਕਰੇਗੀ ਅਤੇ ਇਸ ’ਚੋਂ ਸਿਰਫ਼ ਪਾਣੀ ਦੀ ਭਾਫ਼ (ਵਾਟਰ ਵੇਪਰ) ਹੀ ਬਾਹਰ ਨਿਕਲੇਗੀ, ਜੋ ਕਿ ਵਾਤਾਵਰਨ ਪੱਖੋਂ ਇੱਕ ਇਤਿਹਾਸਕ ਕਦਮ ਹੈ। ਯਾਤਰੀਆਂ ਦੀ ਸਹੂਲਤ ਲਈ ਇਸ ਰੱਲਗੱਡੀ ’ਚ ਅਰਾਮਦਾਇਕ ਸੀਟਾਂ, ਪੱਖੇ, ਮੋਬਾਈਲ ਚਾਰਜਿੰਗ ਪੁਆਇੰਟ ਅਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਏਕਲਵਿਆ ਸਟੇਡੀਅਮ ਵਿਚ ₹14,700 ਕਰੋੜ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਰੈਲੀ ਨੂੰ ਸੰਬੋਧਨ ਕਰਨਗੇ।
ਕੁਰੂਕਸ਼ੇਤਰ ’ਚ ਰੱਖਣਗੇ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ
ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਕੁਰੂਕਸ਼ੇਤਰ ਵਿਚ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਸਿੱਖ ਪਰੰਪਰਾ ਨੂੰ ਸਮਰਪਿਤ ਇੱਕ ਆਧੁਨਿਕ ਸਿੱਖ ਅਜਾਇਬ ਘਰ (ਮਿਊਜ਼ੀਅਮ) ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਅਜਾਇਬ ਘਰ ਸਿੱਖ ਧਰਮ ਦੇ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਉਨ੍ਹਾਂ ਦੀ ਹਿੰਮਤ, ਕੁਰਬਾਨੀਆਂ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਭਾਰਤ ਦੀ ਸੱਭਿਅਤਾ ਅਤੇ ਸੱਭਿਆਚਾਰ ਵਿਚ ਸਿੱਖ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ।
ਫੁੱਲਾਂ ਨਾਲ ਸਜਇਆ ਜਲੰਧਰ ਛਾਉਣੀ ਰੇਲਵੇ ਸਟੇਸ਼ਨ
125 ਕਰੋੜਾਂ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਕੀਤੇ ਗਏ 110 ਸਾਲ ਪੁਰਾਣੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਸਟੇਸ਼ਨ ਨੂੰ ਅੰਦਰੋ ਤੇ ਬਾਹਰੋਂ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾ ਦਿੱਤਾ ਗਿਆ ਹੈ। ਛਾਉਣੀ ਰੇਲਵੇ ਸਟੇਸ਼ਨ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਵਲੋਂ ਪੁਲਿਸ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ ਪ੍ਰੰਤੂ ਇਸ ਦੌਰਾਨ ਉਨ੍ਹਾਂ ਵਲੋਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ । ਇਸ ਦੌਰਾਨ ਹੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਛਾਉਣੀ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕੰਮਾਂ ਅਤੇ ਖਾਸ ਤੌਰ ’ਤੇ ਰੈਲੀ ਵਾਲੇ ਪੰਡਾਲ ਦਾ ਦੌਰਾ ਕਰਦੇ ਹੋਏ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ’ਤੇ ਉਸ ਸਟੇਜ ਨੂੰ ਵੀ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ, ਜਿੱਥੋ ਪ੍ਧਾਨ ਮੰਤਰੀ ਨਰਿੰਦਰ ਮੋਦੀ ‘ਸੰਤ ਰਵਿਦਾਸ ਐਕਸਪ੍ਰੈਸ’ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਪਹੁੰਚੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਅੱਜ ਆਪਣੀਆਂ ਵਿਸ਼ੇਸ਼ ਗੱਡੀਆਂ ਰਾਹੀਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਆਪਣੇ ਵਾਹਨਾਂ ਨਾਲ ਟਰਾਇਲ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ ।