ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜਿਸ ਨੂੰ ਅਮਰੀਕੀ ਕਾਨੂੰਨੀ ਏਜੰਸੀਆਂ ਨੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਦੋਸ਼ੀ ਠਹਿਰਾਇਆ ਹੈ, ਆਮ ਆਦਮੀ ਪਾਰਟੀ (ਆਪ) ਨਾਲ ਘਿਓ ਖਿੱਚੜੀ ਹੈ ਤੇ ਪਾਰਟੀ ਨੇ ਉਸ ਦੀ ਪੁਸ਼ਤ ਪਨਾਹੀ ਕਰਨ ਵਾਲੇ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ । ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਗਰਾ ਨੇ ਹੀ ਪਹਿਲਾਂ ਘਟੀਆ ਸੋਚ ਵਿਖਾਉਂਦਿਆਂ ‘ਆਪ’ ਦੇ ਚੋਣ ਨਿਸ਼ਾਨ ਝਾੜੂ ਦੀ ਬੇਅਦਬੀ ਕਰਨ ਦਾ ਕੇਸ ਦਰਜ ਕੀਤਾ ਸੀ । ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਨਾਗਰਾ ਇੰਨਾ ਨੀਵਾਂ ਡਿੱਗ ਗਿਆ । ਉਨ੍ਹਾਂ ਕਿਹਾ ਕਿ ਨਾਗਰਾ ਫਿਰੌਤੀ ਵਸੂਲਣ ਦਾ ਧੰਦਾ ਚਲਾ ਰਿਹਾ ਹੈ ਤਾਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਉਸ ਦੀ ਕਿਸ ਨੇ ਸਿਆਸੀ ਪੁਸ਼ਤਪਨਾਹੀ ਕੀਤੀ ।
ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸ ਦੀ ਨਿਰਪੱਖ ਜਾਂਚ ਹੋਵੇ-ਅਕਾਲੀ ਦਲ
ਅਜੀਤ ਡੈਸਕ
19-07-2026