ਹਰਜਿੰਦਰ ਸਿੰਘ ਲਾਲ
ਖੰਨਾ, 29 ਜੁਲਾਈ -ਚਿੰਤਾ ਦੀ ਗੱਲ ਇਹ ਹੈ ਕਿ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ’ਚ ਨਵੇਂ ਝੋਨੇ ਦੀ ਆਮਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਨੁਮਾਨਾਂ ਮੁਤਾਬਕ ਇਸ ਵਾਰ ਸੂਬੇ ’ਚ ਲਗਭਗ 1 ਕਰੋੜ 80 ਲੱਖ ਟਨ ਝੋਨੇ ਦੀ ਸਰਕਾਰੀ ਖਰੀਦ ਹੋ ਸਕਦੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਨਵੀਂ ਫ਼ਸਲ ਆਉਣ ਤੋਂ ਪਹਿਲਾਂ ਪੰਜਾਬ ’ਚ ਲੋੜੀਂਦੀ ਸਟੋਰੇਜ ਦੀ ਜਗ੍ਹਾ ਖਾਲੀ ਹੋ ਸਕੇਗੀ? ਜੇ ਗੋਦਾਮ ਖਾਲੀ ਨਾ ਹੋਏ ਤਾਂ ਇਸ ਦਾ ਦਬਾਅ ਸਰਕਾਰੀ ਖਰੀਦ, ਭੰਡਾਰਨ ਤੇ ਮਿੱਲਿੰਗ ਦੀ ਪੂਰੀ ਪ੍ਰਣਾਲੀ ’ਤੇ ਪਵੇਗਾ, ਜਿਸ ਦਾ ਸਿੱਧਾ ਅਸਰ ਚੌਲ ਮਿੱਲਾਂ, ਖਰੀਦ ਏਜੰਸੀਆਂ ਤੇ ਕਿਸਾਨਾਂ ’ਤੇ ਪਵੇਗਾ। ਉਨ੍ਹਾਂ ਨੂੰ ਸਮੇਂ ਸਿਰ ਫ਼ਸਲ ਵੇਚਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵੇਲੇ ਪੰਜਾਬ ’ਚ ਲਗਭਗ 1 ਕਰੋੜ 53 ਲੱਖ ਟਨ ਚੌਲ ਤੇ 1 ਕਰੋੜ 19 ਲੱਖ ਟਨ ਕਣਕ ਪਈ ਹੈ, ਚਿੰਤਾਜਨਕ ਗੱਲ ਇਹ ਹੈ ਪਿਛਲੇ ਸੀਜ਼ਨ ਦਾ ਕਰੀਬ 35 ਲੱਖ ਟਨ ਝੋਨਾ ਵੀ ਅਜੇ ਛੜਾਈ ਲਈ ਬਾਕੀ ਹੈ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਦੱਸਿਆ ਕਿ ਇਹ ਮਾਮਲਾ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਤੇ ਭਾਰਤੀ ਖੁਰਾਕ ਨਿਗਮ (ਐਫ. ਸੀ. ਆਈ.) ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਕੋਲ ਕਈ ਵਾਰ ਉਠਾਇਆ ਗਿਆ ਹੈ। ਅਸਲ ’ਚ ਦੇਸ਼ ’ਚ ਖੁਰਾਕ ਵੰਡ ਦਾ ਢਾਂਚਾ ਕਾਫ਼ੀ ਬਦਲ ਗਿਆ ਹੈ। ਜਿਹੜੇ ਸੂਬੇ ਪਹਿਲਾਂ ਪੰਜਾਬ ਦੇ ਚੌਲਾਂ ’ਤੇ ਨਿਰਭਰ ਸਨ, ਹੁਣ ਉਨ੍ਹਾਂ ਦਾ ਆਪਣਾ ਝੋਨਾ ਉਤਪਾਦਨ ਵਧ ਗਿਆ ਹੈ, ਜਿਸ ਕਾਰਨ ਪੰਜਾਬ ਦੇ ਚੌਲਾਂ ਦੀ ਮੰਗ ਘਟੀ ਹੈ। ਸਾਲ 2025 ’ਚ ਜਨਵਰੀ ਤੋਂ ਜੂਨ ਤੱਕ ਪੰਜਾਬ ਤੋਂ ਕੁੱਲ 1 ਕਰੋੜ 19 ਲੱਖ ਟਨ ਅਨਾਜ ਦੀ ਨਿਕਾਸੀ ਹੋਈ ਸੀ ਜਦਕਿ ਇਸ ਸਾਲ ਇਸੇ ਹੀ ਸਮੇਂ ’ਚ ਸਿਰਫ਼ 78.5 ਲੱਖ ਟਨ ਅਨਾਜ ਹੀ ਸੂਬੇ ਤੋਂ ਬਾਹਰ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 35 ਫ਼ੀਸਦੀ ਘੱਟ ਹੈ।
ਪੰਜਾਬ ’ਚ ਝੋਨੇ ਦੀ ਮਿਲਿੰਗ ਦੀ ਕਾਰਗੁਜ਼ਾਰੀ
ਇਸ ਸਾਲ ਪੰਜਾਬ ’ਚ ਝੋਨੇ ਦੀ ਕੁੱਲ ਖਰੀਦ 156.09 ਲੱਖ ਮੀਟ੍ਰਿਕ ਟਨ ਸੀ ਤੇ ਕੇਂਦਰੀ ਪੂਲ ’ਚ ਕੁੱਲ 105.63 ਲੱਖ ਟਨ ਚੌਲ ਜਾਣੇ ਹਨ, ਪਰ ਹੁਣ ਤੱਕ ਕੇਂਦਰੀ ਪੂਲ ਵਿੱਚ ਸਿਰਫ਼ 83.20 ਲੱਖ ਟਨ ਚੌਲ ਹੀ ਗਏ ਹਨ। ਇਸ ਵਿਚੋਂ ਜਿਲ੍ਹਾ ਮੋਗਾ ਵਿਚ ਚੌਲਾਂ ਦੀ ਸਭ ਤੋਂ ਘੱਟ ਛੜਾਈ 66.60 ਫੀਸਦੀ ਹੀ ਹੋ ਸਕੀ ਹੈ। ਲੁਧਿਆਣਾ ’ਚ 67.94 ਫੀਸਦੀ, ਮੋਹਾਲੀ ’ਚ 72.11 ਫੀਸਦੀ, ਫ਼ਿਰੋਜ਼ਪੁਰ ’ਚ 76.95 ਫੀਸਦੀ ਛੜਾਈ ਹੋਈ ਹੈ। ਪੰਜਾਬ ’ਚ ਅਜੇ ਤੱਕ ਝੋਨੇ ਦੀ ਕੁੱਲ ਛੜਾਈ 78.77 ਫੀਸਦੀ ਹੀ ਹੋਈ ਹੈ ਅਜੇ ਵੀ 21.23 ਫੀਸਦੀ ਝੋਨੇ ਦੀ ਛੜਾਈ ਦਾ ਕੰਮ ਬਾਕੀ ਹੈ।
35 ਲੱਖ ਟਨ ਝੋਨਾ ਬਿਨਾਂ ਛੜਾਈ ਅਜੇ ਵੀ ਪਿਆ ਹੈ ਮਿੱਲਾਂ ’ਚ
ਅਜੀਤ ਡੈਸਕ
30-07-2026