05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੰਜਾਬ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪਹਿਲਾ ਪੜਾਅ ਮੁਕੰਮਲ-ਅਨੰਦਿਤਾ ਮਿੱਤਰਾ

ਚੰਡੀਗੜ੍ਹ, 4 ਅਗਸਤ (ਪ੍ਰੋ. ਅਵਤਾਰ ਸਿੰਘ)–ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐਸ.ਆਈ.ਆਰ. 2026) ਤਹਿਤ ਘਰ-ਘਰ ਗਣਨਾ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਰਜਿਸਟਰਡ ਵੋਟਰਾਂ ’ਚੋਂ 1 ਕਰੋੜ 93 ਲੱਖ 94

Ad Position 21
No active advertisement
ਅਜੀਤ ਡੈਸਕ 05-08-2026
ਚੰਡੀਗੜ੍ਹ, 4 ਅਗਸਤ (ਪ੍ਰੋ. ਅਵਤਾਰ ਸਿੰਘ)–ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐਸ.ਆਈ.ਆਰ. 2026) ਤਹਿਤ ਘਰ-ਘਰ ਗਣਨਾ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਰਜਿਸਟਰਡ ਵੋਟਰਾਂ ’ਚੋਂ 1 ਕਰੋੜ 93 ਲੱਖ 94 ਹਜ਼ਾਰ 408 ਵੋਟਰਾਂ ਨੇ ਆਪਣੇ ਗਣਨਾ ਫ਼ਾਰਮ ਜਮ੍ਹਾਂ ਕਰਵਾਏ, ਜਦਕਿ 20 ਲੱਖ 66 ਹਜ਼ਾਰ 635 ਵੋਟਰਾਂ ਦੇ ਫ਼ਾਰਮ ਪ੍ਰਾਪਤ ਨਹੀਂ ਹੋਏ। ਇਨ੍ਹਾਂ ਮਾਮਲਿਆਂ ਵਿਚ ਮ੍ਰਿਤਕ, ਗੈਰ-ਹਾਜ਼ਰ, ਸਥਾਈ ਤੌਰ ’ਤੇ ਹੋਰ ਥਾਂ ਤਬਦੀਲ ਹੋਏ ਅਤੇ ਪਹਿਲਾਂ ਹੀ ਹੋਰ ਥਾਂ ਦਰਜ ਵੋਟਰ ਸ਼ਾਮਿਲ ਹਨ। ਹੁਣ ਇਨ੍ਹਾਂ ਸਾਰੀਆਂ ਐਂਟਰੀਆਂ ਦੀ ਵਿਸਥਾਰ ਨਾਲ ਪੜਤਾਲ ਕੀਤੀ ਜਾਵੇਗੀ। ਚੰਡੀਗੜ੍ਹ ਵਿਖੇ ਪੱਤਰਕਾਰ ਮਿਲਣੀ ਦੌਰਾਨ ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ 25 ਜੂਨ ਤੋਂ 3 ਅਗਸਤ ਤੱਕ ਚੱਲੀ ਇਸ ਮੁਹਿੰਮ ਦੌਰਾਨ ਬੂਥ ਲੈਵਲ ਅਧਿਕਾਰੀਆਂ ਨੇ ਹਰੇਕ ਦਰਜ ਵੋਟਰ ਦੇ ਪਤੇ ’ਤੇ ਜਾ ਕੇ ਗਣਨਾ ਫ਼ਾਰਮ ਵੰਡੇ ਅਤੇ ਉਨ੍ਹਾਂ ਨੂੰ ਇਕੱਤਰ ਕਰਨ ਲਈ ਘੱਟੋ-ਘੱਟ ਤਿੰਨ ਵਾਰ ਘਰਾਂ ਦਾ ਦੌਰਾ ਕੀਤਾ। ਜਿੱਥੇ ਵੋਟਰ ਨਹੀਂ ਮਿਲੇ, ਉੱਥੇ ਸੂਚਨਾ ਸਟਿੱਕਰ ਵੀ ਲਗਾਏ ਗਏ, ਤਾਂ ਜੋ ਕੋਈ ਯੋਗ ਵੋਟਰ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਕੁੱਲ 90.37 ਫ਼ੀਸਦੀ ਗਣਨਾ ਫ਼ਾਰਮ ਇਕੱਤਰ ਹੋਏ ਹਨ, ਜਿਨ੍ਹਾਂ 20.66 ਲੱਖ ਫ਼ਾਰਮਾਂ ਦੀ ਪ੍ਰਾਪਤੀ ਨਹੀਂ ਹੋਈ, ਉਨ੍ਹਾਂ ਵਿਚੋਂ 5 ਲੱਖ 74 ਹਜ਼ਾਰ 568 ਵੋਟਰ ਮ੍ਰਿਤਕ, 4 ਲੱਖ 12 ਹਜ਼ਾਰ 715 ਵੋਟਰ ਲਾਪਤਾ ਜਾਂ ਗੈਰ-ਹਾਜ਼ਰ, 9 ਲੱਖ 44 ਹਜ਼ਾਰ 131 ਵੋਟਰ ਸਥਾਈ ਤੌਰ ’ਤੇ ਹੋਰ ਥਾਂ ਤਬਦੀਲ ਹੋਏ, ਜਦਕਿ 1 ਲੱਖ 19 ਹਜ਼ਾਰ 145 ਵੋਟਰ ਪਹਿਲਾਂ ਹੀ ਕਿਸੇ ਹੋਰ ਥਾਂ ਦਰਜ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਬਾਅਦ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਮਿਆਦ ਦੌਰਾਨ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਂਅ ਸੂਚੀ ਵਿਚ ਦਰਜ ਨਾ ਹੋਵੇ ਤਾਂ ਉਹ ਫਾਰਮ ਨੰਬਰ-6 ਰਾਹੀਂ ਆਨਲਾਈਨ ਜਾਂ ਦਸਤੀ ਅਰਜ਼ੀ ਦੇ ਸਕੇਗਾ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ 12 ਅਕਤੂਬਰ, 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਵੇਗੀ।
93.40 ਫ਼ੀਸਦੀ ਵੋਟਰਾਂ ਦੀ ਹੋਈ ਮੈਪਿੰਗ 
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਡਰਾਫਟ ਸੂਚੀ ਵਿਚ ਸ਼ਾਮਿਲ 93.40 ਫ਼ੀਸਦੀ ਵੋਟਰਾਂ ਦੀ ਮੈਪਿੰਗ ਸਾਲ 2003 ਜਾਂ ਇਸ ਤੋਂ ਪਹਿਲਾਂ ਦੀਆਂ ਵੋਟਰ ਸੂਚੀਆਂ ਨਾਲ ਕੀਤੀ ਜਾ ਚੁੱਕੀ ਹੈ। ਜਿਹੜੇ ਵੋਟਰ ਅਜੇ ਤੱਕ ਅਣ-ਮੈਪਡ ਹਨ, ਉਨ੍ਹਾਂ ਨੂੰ 13 ਅਗਸਤ ਤੋਂ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।
879 ਨਵੇਂ ਪੋਲਿੰਗ ਸਟੇਸ਼ਨ ਬਣਾਏ
ਐਸ.ਆਈ.ਆਰ. 2026 ਤਹਿਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਵੀ ਕੀਤੀ ਗਈ ਹੈ। ਸੂਬੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ। ਇਸ ਤਰ੍ਹਾਂ 879 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਤਾਂ ਜੋ ਵੋਟਰਾਂ ਨੂੰ ਵਧੇਰੇ ਸੁਵਿਧਾਜਨਕ ਮਤਦਾਨ ਸਹੂਲਤਾਂ ਮਿਲ ਸਕਣ।
ਮਾਨਸਾ ਜ਼ਿਲ੍ਹਾ ਤੇ ਬੁਢਲਾਡਾ ਹਲਕਾ ਰਹੇ ਮੋਹਰੀ
ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ ਮਾਨਸਾ ਨੇ 96.31 ਫ਼ੀਸਦੀ ਫ਼ਾਰਮ ਇਕੱਤਰ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮਾਲੇਰਕੋਟਲਾ (94.23 ਫ਼ੀਸਦੀ) ਅਤੇ ਸੰਗਰੂਰ (94.17 ਫ਼ੀਸਦੀ) ਅਗਲੇ ਸਥਾਨਾਂ ’ਤੇ ਰਹੇ। ਵਿਧਾਨ ਸਭਾ ਹਲਕਿਆਂ ਵਿਚ ਬੁਢਲਾਡਾ ਨੇ 96.94 ਫ਼ੀਸਦੀ ਫ਼ਾਰਮ ਇਕੱਤਰ ਕਰਕੇ ਸੂਬੇ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਜਾਗਰੂਕਤਾ ਮੁਹਿੰਮ ਨੇ ਨਿਭਾਈ ਅਹਿਮ ਭੂਮਿਕਾ
ਚੋਣ ਵਿਭਾਗ ਵਲੋਂ ਸਵੀਪ ਮੁਹਿੰਮ ਤਹਿਤ ਐਸ.ਐਮ.ਐਸ., ਰੇਡੀਓ ਜਿੰਗਲ, ਸੋਸ਼ਲ ਮੀਡੀਆ, ਈ-ਰਿਕਸ਼ਿਆਂ ਰਾਹੀਂ ਪ੍ਰਚਾਰ, ਵਿਸ਼ੇਸ਼ ਬੂਥ ਕੈਂਪਾਂ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਰਾਹੀਂ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਡੀ.ਈ.ਓ. ਅਤੇ ਈ.ਆਰ.ਓ. ਦਫ਼ਤਰਾਂ ਵਿਚ ਹੈਲਪ ਡੈਸਕ ਸਥਾਪਤ ਕੀਤੇ ਗਏ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਲਗਾਤਾਰ ਫੀਲਡ ਦੌਰੇ ਕਰਕੇ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ।
ਮੁੱਖ ਅੰਕੜੇ 
ਕੁੱਲ ਰਜਿਸਟਰਡ ਵੋਟਰ : 2,14,61,043, ਪ੍ਰਾਪਤ ਗਣਨਾ ਫਾਰਮ : 1,93,94,408 (90.37 ਫ਼ੀਸਦੀ), ਨਾ ਮਿਲੇ ਫਾਰਮ : 20,66,635 (9.63 ਫ਼ੀਸਦੀ), ਮ੍ਰਿਤਕ ਵੋਟਰ : 5,74,568, ਲਾਪਤਾ/ਗੈਰਹਾਜ਼ਰ ਵੋਟਰ : 4,12,715, ਸਥਾਈ ਤੌਰ ’ਤੇ ਤਬਦੀਲ ਹੋਏ : 9,44,131, ਡੁਪਲੀਕੇਟ ਐਂਟਰੀਆਂ : 1,19,145, 2003 ਦੀ ਸੂਚੀ ਨਾਲ ਮੈਪਿੰਗ : 93.40 ਫ਼ੀਸਦੀ, ਨਵੇਂ ਪੋਲਿੰਗ ਸਟੇਸ਼ਨ : 879, ਡਰਾਫਟ ਵੋਟਰ ਸੂਚੀ : 13 ਅਗਸਤ 2026, ਦਾਅਵੇ ਅਤੇ ਇਤਰਾਜ਼ : 13 ਅਗਸਤ ਤੋਂ 12 ਸਤੰਬਰ, ਅੰਤਿਮ ਵੋਟਰ ਸੂਚੀ : 12 ਅਕਤੂਬਰ 2026
Ad Position 22
No active advertisement
ਪਿਛਲੀ ਖ਼ਬਰ 7 ਸਾਲਾਂ ’ਚ 274 ਭਗੌੜੇ ਵਿਦੇਸ਼ਾਂ ਤੋਂ ਲਿਆਂਦੇ-ਸਰਕਾਰ ਅਗਲੀ ਖ਼ਬਰ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਰੋਕਿਆ
Ad Position 24
No active advertisement