12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਿਰੋਧੀ ਧਿਰ ਤੇ ਐਨ.ਡੀ.ਏ. ਸੰਸਦ ਮੈਂਬਰਾਂ ਵਲੋਂ ਆਹਮੋ-ਸਾਹਮਣੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਉਸ ਵੇਲੇ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਮਕਰ ਦਵਾਰ ਦੇ ਸਾਹਮਣੇ ਐਨ.ਡੀ.ਏ. ਅਤੇ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਇਕ-ਦੂਜੇ ਖ਼ਿਲਾਫ਼ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 12-08-2026

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਉਸ ਵੇਲੇ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਮਕਰ ਦਵਾਰ ਦੇ ਸਾਹਮਣੇ ਐਨ.ਡੀ.ਏ. ਅਤੇ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਇਕ-ਦੂਜੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜਿਥੇ ਵਿਰੋਧੀ ਧਿਰਾਂ ਨੇ ਮੰਗਲਵਾਰ ਨੂੰ ‘ਚੰਦਾ ਚੋਰੀ’ ਦੇ ਮੁੱਦੇ ਨੂੰ ਤਰਜੀਹ ’ਤੇ ਰੱਖਦਿਆਂ ਇਕ ਵੱਡੇ ਬੈਨਰ ਨਾਲ ਸਰਕਾਰ ਤੋਂ ਜਵਾਬ ਮੰਗਦਿਆਂ ਪੁੱਛਿਆ ਕਿ ‘ਚੰਦਾ ਕਿਸ ਨੇ ਲੁੱਟਿਆ ਹੈ’, ਉਥੇ ਐਨ.ਡੀ.ਏ. ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਵੱਡਾ ਪੋਸਟਰ ਲੈ ਕੇ ਪ੍ਰਦਰਸ਼ਨ ਕਰਦਿਆਂ ਮਾਰਚ ਕੱਢਿਆ, ਜਿਸ ’ਤੇ ਲਿਖਿਆ ਸੀ ਕਿ ‘ਗ੍ਰਹਿ ਮੰਤਰੀ ਦੀ ਚਰਚਾ ਤੋਂ ਰਾਹੁਲ ਗਾਂਧੀ ਭੱਜੋ ਨਾ।’ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਹਿਲੀ ਵਾਰ ਵੇਖਿਆ ਹੈ ਕਿ ਸਰਕਾਰ ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਅਸੀਂ (ਵਿਰੋਧੀ ਧਿਰਾਂ ਨੂੰ) ਇਸ ਦੇ (ਪ੍ਰਦਰਸ਼ਨ) ਲਈ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ। ਹਾਲਾਂਕਿ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਹੰਗਾਮਾਖੇਜ਼ ਰਹੀ। ਲੋਕ ਸਭਾ ’ਚ ਹੰਗਾਮਿਆਂ ਦੌਰਾਨ ਬਿਨਾਂ ਚਰਚਾ ਤੋਂ ਹੀ ਦੋ ਬਿੱਲ ਪਾਸ ਹੋ ਗਏ, ਜਿਨ੍ਹਾਂ ’ਚ ਕੇਰਲ (ਨਾਂਅ ’ਚ ਬਦਲਾਅ) ਬਿੱਲ 2026 ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ (ਸੋਧ) ਬਿੱਲ 2026 ਸ਼ਾਮਿਲ ਹੈ, ਜਦਕਿ ਰਾਜ ਸਭਾ ’ਚ ਟ੍ਰਿਬਿਊਨਲ ਸੁਧਾਰ ਬਿੱਲ ਪਾਸ ਹੋ ਗਿਆ। ਵਿਰੋਧੀ ਧਿਰਾਂ ਮੰਗਲਵਾਰ ਨੂੰ ਆਪਣੀ ਰਣਨੀਤੀ ’ਚ ਬਦਲਾਅ ਕਰਦਿਆਂ ‘ਚੰਦਾ ਚੋਰੀ’ ਨੂੰ ਲੈ ਕੇ ਵਧੇਰੇ ਹਮਲਾਵਰ ਹੋ ਗਈਆਂ। ਵਿਰੋਧੀ ਧਿਰਾਂ ਦੇ ਪ੍ਰਦਰਸ਼ਨ, ਜਿਸ ’ਚ ਪ੍ਰਿਅੰਕਾ ਗਾਂਧੀ ਵੀ ਸ਼ਾਮਿਲ ਸੀ, ’ਚ ਵੱਡੇ ਪੋਸਟਰ ’ਚ ‘ਚੰਦਾ ਚੋਰੀ’ ਨੂੰ ਲੈ ਕੇ ਹੀ ਸਵਾਲ ਕਰਦੀਆਂ ਨਜ਼ਰ ਆਈਆਂ। ਹਾਲਾਂਕਿ ਵਿਦਿਆਰਥੀਆਂ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਨੂੰ ਲੈ ਕੇ ਉਨ੍ਹਾਂ ਦੇ ਹੱਥ ’ਚ ਪਲੇਕਾਰਡ ਵੀ ਸਨ।
ਐਨ.ਡੀ.ਏ. ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਮੁੱਖ ਤੌਰ ’ਤੇ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ’ਤੇ ਸੰਸਦ ’ਚ ਚਰਚਾ ਤੋਂ ਭੱਜਣ ਦਾ ਇਲਜ਼ਾਮ ਲਾਇਆ। ਐਨ.ਡੀ.ਏ. ਦੇ ਸੰਸਦ ਮੈਂਬਰਾਂ ਝਾਰਖੰਡ ’ਚ ਦਾਖ਼ਲਾ ਪ੍ਰੀਖਿਆਵਾਂ ’ਚ ਹੋਈਆਂ ਬੇਨਿਯਮੀਆਂ ਦੇ ਵਿਰੋਧ ’ਚ ਬੈਠੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਵਲੋਂ ਕੀਤੀਆਂ ਵਧੀਕੀਆਂ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਹਮਲਾਵਰ ਨਜ਼ਰ ਆਏ। ਉਨ੍ਹਾਂ ਦੇ ਹੱਥਾਂ ’ਚ ਫੜੇ ਪੋਸਟਰਾਂ ’ਚ ਝਾਰਖੰਡ ’ਚ ਲਾਠੀਚਾਰਜ, ‘ਛਾਤਰੋਂ ਪਰ ਅੱਤਿਆਚਾਰ’ ਅਤੇ ‘ਝਾਰਖੰਡ ਮੇਂ ਛਾਤਰੋਂ ਪਰ ਲਾਠੀਚਾਰਜ ਪਰ ਰਾਹੁਲ ਗਾਂਧੀ ਜਵਾਬ ਦਿਓ’ ਦੇ ਨਾਅਰੇ ਲਿਖੇ ਹੋਏ ਸਨ।
ਪਹਿਲੀ ਵਾਰ ਹੈ ਕਿ ਸਰਕਾਰ ਪ੍ਰਦਰਸ਼ਨ ਕਰ ਰਹੀ ਹੈ - ਪ੍ਰਿਅੰਕਾ ਗਾਂਧੀ
ਐਨ.ਡੀ.ਏ. ਦੇ ਪ੍ਰਦਰਸ਼ਨ ਦੌਰਾਨ ਭਾਜਪਾ ਦੇ ਮੁਕੇਸ਼ ਦਲਾਲ ਅਤੇ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਦਰਮਿਆਨ ਹਲਕੀ ਬਹਿਸ ਵੀ ਹੋਈ। ਜਿਥੇ ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਝਾਰਖੰਡ ਜਾਓ। ਝਾਰਖੰਡ ਕਿਉਂ ਨਹੀਂ ਗਏ ਤੁਸੀਂ, ਜਿਸ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਤਾਂ ਪਹਿਲਾਂ ਹੀ ਝਾਰਖੰਡ ’ਚ ਵਿਦਿਆਰਥੀਆਂ ਨੂੰ ਮਿਲ ਚੁੱਕੇ ਹਨ। ਪ੍ਰਿਅੰਕਾ ਗਾਂਧੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਰਕਾਰ ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਦਬਾਅ ’ਚ ਆ ਕੇ ਹੁਣ ਸੱਤਾ ਧਿਰ ਦੇ ਸੰਸਦ ਮੈਂਬਰ ਵੀ ਪ੍ਰਦਰਸ਼ਨ ਕਰ ਰਹੇ ਹਨ।
ਬਿਨਾਂ ਚਰਚਾ ਤੋਂ ਪਾਸ ਹੋਏ ਦੋ ਬਿੱਲ
ਲੋਕ ਸਭਾ ’ਚ ਹੰਗਾਮਿਆਂ ਕਾਰਨ ਦੋ ਬਿੱਲ ਬਿਨਾਂ ਚਰਚਾ ਦੇ ਪਾਸ ਹੋ ਗਏ। ਦੁਪਹਿਰ 2 ਵਜੇ ਸਦਨ ਜੁੜਨ ’ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕੇਰਲ ਦਾ ਨਾਂਅ ਬਦਲਣ ਵਾਲਾ ਬਿੱਲ ਕੇਰਲ (ਨਾਂਅ ’ਚ ਬਦਲਾਅ) ਬਾਰੇ ਬਿੱਲ ਸਦਨ ’ਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੇਰਲ ਸਰਕਾਰ ਵਲੋਂ ਕੀਤੀ ਦਰਖ਼ਾਸਤ ਤੋਂ ਬਾਅਦ ਕੇਂਦਰ ਨੇ ਨਾਂਅ ਬਦਲਣ ਦੇ ਵਿਚਾਰ ਨੂੰ ਪ੍ਰਵਾਨਗੀ ਦਿੱਤੀ, ਕਿਉਂਕਿ ਮਲਿਆਲਮ ’ਚ ਕੇਰਲ ਨੂੰ ਕੇਰਲਮ ਕਿਹਾ ਜਾਂਦਾ ਹੈ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਹੈ ਕਿ ਕੇਰਲ ਦੇ ਅਹਿਮ ਬਿੱਲ ’ਚ ਕੇਰਲ ਦੇ ਸੰਸਦ ਮੈਂਬਰ (ਵਿਰੋਧੀ ਧਿਰਾਂ ਦੇ) ਹੀ ਨਹੀਂ ਬੋਲ ਪਾ ਰਹੇ। ਉਨ੍ਹਾਂ ਉਚੇਚੇ ਤੌਰ ’ਤੇ ਕਾਂਗਰਸੀ ਨੇਤਾ ਕੇ.ਸੀ. ਵੇਣੂਗੋਪਾਲ ਦਾ ਨਾਂਅ ਵੀ ਲਿਆ। ਪਰ ਹੰਗਾਮਾ ਜਾਰੀ ਰਹਿਣ ’ਤੇ ਬਿੱਲ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਹਿਕਾਰਤਾ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ (ਸੋਧ) ਬਿੱਲ ਪੇਸ਼ ਕੀਤਾ, ਜੋ ਕਿ ਹੰਗਾਮਿਆਂ ਕਾਰਨ ਬਿਨਾਂ ਚਰਚਾ ਤੋਂ ਪਾਸ ਹੋ ਗਿਆ, ਜਿਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ। ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਪੇਸ਼ ਕੀਤੇ 11 ਬਿੱਲਾਂ ’ਚੋਂ 9 ਬਿੱਲ ਬਿਨਾਂ ਚਰਚਾ ਤੋਂ ਪਾਸ ਹੋਏ ਹਨ।
ਰਾਜ ਸਭਾ ’ਚੋਂ ਪਾਸ ਹੋਇਆ ਟ੍ਰਿਬਿਊਨਲ ਸੁਧਾਰ ਬਿੱਲ
ਲੋਕ ਸਭਾ ’ਚ ਪਾਸ ਹੋ ਚੁੱਕੇ ਟ੍ਰਿਬਿਊਨਲ ਸੁਧਾਰ ਬਿੱਲ 2026 ਨੂੰ ਰਾਜ ਸਭਾ ਦੀ ਵੀ ਮਨਜ਼ੂਰੀ ਮਿਲ ਗਈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਨੂੰ ਦੇਸ਼ ਦੇ ਕਾਨੂੰਨੀ ਢਾਂਚੇ ਦੀ ਬੁਨਿਆਦ ਦੱਸਦਿਆਂ ਕਿਹਾ ਕਿ ਬਿੱਲ ਰਾਹੀਂ ਦੇਸ਼ ਦੇ ਵੱਖ-ਵੱਖ ਰਾਸ਼ਟਰੀ ਟ੍ਰਿਬਿਊਨਲਾਂ ’ਚ ਨਿਯੁਕਤੀਆਂ ਦੀ ਨਜ਼ਰਸਾਨੀ ਲਈ ਪੈਨਲ ਦਾ ਗਠਨ ਕੀਤਾ ਜਾਵੇਗਾ। ਬਿੱਲ ਤਹਿਤ ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ, ਜੋ ਦੇਸ਼ ਦੇ 16 ਟ੍ਰਿਬਿਊਨਲਾਂ ’ਚ ਨਿਯੁਕਤੀਆਂ ’ਚ ਪਾਰਦਰਸ਼ਤਾ ਲਿਆਏਗਾ।
ਖੜਗੇ ਨੇ ਸਰਕਾਰ ਅੱਗੇ ਰੱਖੀਆਂ 3 ਮੰਗਾਂ
ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਸਰਕਾਰ ਅੱਗੇ ਤਿੰਨ ਮੰਗਾਂ ਰੱਖੀਆਂ। ਉਨ੍ਹਾਂ ਵਿਦਿਆਰਥੀਆਂ ’ਤੇ ਲਾਠੀ ਅਤੇ ਗੋਲੀ ਚਲਣ ’ਤੇ ਸਰਕਾਰ ਤੋਂ ਬਿਆਨ ਦੀ ਮੰਗ ਕੀਤੀ। ਉਨ੍ਹਾਂ ਵਿਦਿਆਰਥੀਆਂ ’ਤੇ ਹੋਈ ਕਾਰਵਾਈ ਨੂੰ ਲੈ ਕੇ ਸਰਕਾਰ ਤੋਂ ਸਦਨ ’ਚ ਸਪੱਸ਼ਟੀਕਰਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀਆਂ ’ਤੇ ਲਾਠੀਚਾਰਜ ਅਤੇ ਗੋਲੀਬਾਰੀ ਦੀਆਂ ਘਟਨਾਵਾਂ ’ਚ 100 ਤੋਂ ਵੱਧ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ। ਕੁਝ ਬੱਚੇ ਪੈਲੇਟ ਗੰਨ ਨਾਲ ਵੀ ਜ਼ਖ਼ਮੀ ਹੋਏ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਖ਼ਿਲਾਫ਼ ਕਾਰਵਾਈ ਦਾ ਆਦੇਸ਼ ਕਿਸ ਨੇ ਦਿੱਤਾ ਅਤੇ ਪੂਰਾ ਘਟਨਾਕ੍ਰਮ ਕਿਵੇਂ ਹੋਇਆ। ਖੜਗੇ ਨੇ ਕਿਹਾ ਕਿ ਅੰਦੋਲਨ ਦੇ 18 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਇਸ ਮਾਮਲੇ ’ਤੇ ਸਪੱਸ਼ਟ ਬਿਆਨ ਨਹੀਂ ਆਇਆ। ਖੜਗੇ ਨੇ ਇਸ ਤੋਂ ਇਲਾਵਾ ‘ਚੰਦਾ ਚੋਰੀ’ ’ਤੇ ਚਰਚਾ ਅਤੇ ਮੁਆਫ਼ੀ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਵੱਖ-ਵੱਖ ਮੁੱਦੇ ਹਨ ਅਤੇ ਜਦ ਤੱਕ ਇਨ੍ਹਾਂ ਦਾ ਹੱਲ ਨਹੀਂ ਨਿਕਲਦਾ ਇਹ ਬਣੇ ਰਹਿਣਗੇ।

 

Ad Position 22
No active advertisement
ਪਿਛਲੀ ਖ਼ਬਰ ਇਤਿਹਾਸ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਵਜੋਂ ਯਾਦ ਕਰੇਗਾ-ਸੋਨੀਆ ਗਾਂਧੀ ਅਗਲੀ ਖ਼ਬਰ ਮੰਡੀ ਕਿੱਲਿਆਂਵਾਲੀ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਲੱਗੇ ਛੱਪੜ, ਲੋਕ ਪ੍ਰੇਸ਼ਾਨ
Ad Position 24