17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

‘ਕਿਸਾਨ ਬਚਾਓ ਪੈਦਲ ਯਾਤਰਾ’ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ’ਤੇ ਰੋਕਿਆ

ਖਨੌਰੀ/ਪਾਤੜਾਂ, 16 ਅਗਸਤ (ਬਲਵਿੰਦਰ ਸਿੰਘ ਥਿੰਦ, ਗੁਰਇਕਬਾਲ ਸਿੰਘ ਖ਼ਾਲਸਾ)—ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵਲੋਂ ਐਲਾਨੀ ‘ਕਿਸਾਨ ਬਚਾਓ ਪੈਦਲ ਯਾਤਰਾ’ ਨੂੰ ਅੱਜ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ’ਤੇ ਰੋਕ ਦਿੱਤਾ। ਪਿਛਲੇ ਕਿਸਾਨ ...

Ad Position 21
No active advertisement
ਅਜੀਤ ਡੈਸਕ 17-08-2026

ਖਨੌਰੀ/ਪਾਤੜਾਂ, 16 ਅਗਸਤ (ਬਲਵਿੰਦਰ ਸਿੰਘ ਥਿੰਦ, ਗੁਰਇਕਬਾਲ ਸਿੰਘ ਖ਼ਾਲਸਾ)—ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵਲੋਂ ਐਲਾਨੀ ‘ਕਿਸਾਨ ਬਚਾਓ ਪੈਦਲ ਯਾਤਰਾ’ ਨੂੰ ਅੱਜ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ’ਤੇ ਰੋਕ ਦਿੱਤਾ। ਪਿਛਲੇ ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਵਾਲੀ ਥਾਂ ਤੋਂ ਮਿੱਟੀ ਲੈ ਕੇ 51 ਕਿਸਾਨਾਂ ਦਾ ਜਥਾ ਸ਼ਾਂਤਮਈ ਢੰਗ ਨਾਲ ਪੈਦਲ ਮਾਰਚ ਦਿੱਲੀ ਵੱਲ ਰਵਾਨਾ ਹੋਇਆ ਸੀ। ਹਾਲਾਂਕਿ, ਪੰਜਾਬ-ਹਰਿਆਣਾ ਦੀ ਹੱਦ ’ਤੇ ਹਰਿਆਣਾ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤ ਨਾਕਾਬੰਦੀ ਕਾਰਨ ਕਿਸਾਨ ਅੱਗੇ ਨਹੀਂ ਵਧ ਸਕੇ। ਹਰਿਆਣਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਦਿੱਲੀ ਵੱਲ ਕੂਚ ਨੂੰ ਰੋਕਣ ਲਈ ਦਾਤਾ ਸਿੰਘ ਵਾਲਾ ਵਿਖੇ ਖਨੌਰੀ ਬਾਰਡਰ ਨੂੰ 15 ਅਗਸਤ ਦੀ ਰਾਤ ਤੋਂ ਹੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਬਾਰਡਰ ’ਤੇ ਵੱਡੀਆਂ ਕੰਕਰੀਟ ਦੀਆਂ ਸਲੈਬਾਂ ਲਗਾ ਕੇ ਉਨ੍ਹਾਂ ਨੂੰ ਸਰੀਏ ਨਾਲ ਵੈਲਡ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸਲੈਬਾਂ ਦੇ ਉੱਪਰ ਅਤੇ ਅੱਗੇ ਨੁਕੀਲੀ ਕੰਡਿਆਲੀ ਤਾਰ ਲਗਾਈ ਗਈ ਸੀ । ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰਨ ਦੇ ਨਾਲ-ਨਾਲ ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਵੀ ਮੌਕੇ ’ਤੇ ਖੜ੍ਹੀਆਂ ਕੀਤੀਆਂ ਗਈਆਂ ਸਨ । ਡਰੋਨਾਂ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਜਾਂਦੀ ਰਹੀ । ਦਿੱਲੀ ਨਾਲ ਜੋੜਨ ਵਾਲੀਆਂ ਹੋਰ ਲਿੰਕ ਸੜਕਾਂ ’ਤੇ ਵੀ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਕਿਸਾਨ ਆਗੂ
ਬਾਰਡਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਵਰਕਰ ਖਨੌਰੀ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਇਕੱਠੇ ਹੋਏ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਪੈਦਲ ਯਾਤਰਾ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿਚ ਪਹੁੰਚੇਗੀ। ਡੱਲੇਵਾਲ ਅਨੁਸਾਰ ਯਾਤਰਾ ਦਾ ਮੁੱਖ ਉਦੇਸ਼ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣਾ ਤੇ ਅਮਰੀਕਾ-ਭਾਰਤ ਸਮਝੌਤੇ ਨੂੰ ਰੱਦ ਕਰਵਾਉਣ ਸਮੇਤ ਕਿਸਾਨਾਂ ਨਾਲ ਸਬੰਧਿਤ ਵੱਖ-ਵੱਖ ਮੰਗਾਂ ਨੂੰ ਉਠਾਉਣਾ ਹੈ । ਕਿਸਾਨ ਆਗੂ ਅਤੇ ਵਰਕਰ ਕਾਫ਼ਲੇ ਦੇ ਰੂਪ ਵਿੱਚ ਖਨੌਰੀ ਬਾਰਡਰ ’ਤੇ ਪਹੁੰਚੇ ਤਾਂ ਉੱਥੇ ਭਾਰੀ ਬੈਰੀਕੇਡਿੰਗ ਅਤੇ ਪੁਲਿਸ ਬਲ ਦੀ ਤਾਇਨਾਤੀ ਦੇਖ ਕੇ ਉਨ੍ਹਾਂ ਨੇ ਬਾਰਡਰ ’ਤੇ ਹੀ ਦਰੀਆਂ ਵਿਛਾ ਕੇ ਬੈਠਕ ਲਾ ਲਈ। ਅੱਗੇ ਜਾਣ ਦੀ ਇਜਾਜ਼ਤ ਲੈਣ ਲਈ ਛੇ ਮੈਂਬਰੀ ਕਿਸਾਨ ਵਫ਼ਦ ਹਰਿਆਣਾ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਬਾਰਡਰ ਪਾਰ ਗਿਆ। ਕਿਸਾਨ ਆਗੂਆਂ ਮੁਤਾਬਕ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਨਾਲ ਕਰੀਬ ਦੋ ਘੰਟਿਆਂ ਦੌਰਾਨ ਤਿੰਨ ਦੌਰ ਦੀ ਗੱਲਬਾਤ ਹੋਈ ਪਰ ਗੱਲਬਾਤ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ। ਕਿਸਾਨ ਆਗੂਆਂ ਨੇ ਦੱਸਿਆ ਕਿ ਭਲਕੇ ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੀ ਮੀਟਿੰਗ ਹੋਵੇਗੀ । ਇਸ ਕਾਰਨ ਖਨੌਰੀ ਬਾਰਡਰ ’ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਹਾਲਾਂਕਿ ਕਿਸਾਨ ਆਗੂਆਂ ਨੇ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦੀ ਗੱਲ ਕਹੀ ਹੈ।­

Ad Position 22
No active advertisement
ਪਿਛਲੀ ਖ਼ਬਰ ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦੀ ਟੀ.ਐੱਮ.ਸੀ. ਦਫ਼ਤਰ ’ਚੋਂ ਮਿਲੀ ਲਾਸ਼ ਅਗਲੀ ਖ਼ਬਰ 80ਵਾਂ ਆਜ਼ਾਦੀ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਭਗਵੰਤ ਮਾਨ
Ad Position 24