ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਨਵੇਂ ਸੂਬੇ ਬਣਾਉਣ ਦੀ ਚਰਚਾ ਦਰਮਿਆਨ ਸਿੰਧ ਸਰਕਾਰ ਨੇ ਕੇਂਦਰ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਜਿਸ ਨਾਲ ਪਾਕਿ ‘ਚ ਘਰੇਲੂ ਸਿਆਸੀ ਤਣਾਅ ਵੱਧ ਗਿਆ ਹੈ। ਸਿੰਧ ਅਸੈਂਬਲੀ ਨੇ ਸੂਬੇ ਦੀ ਵੰਡ ਕਰਨ ਜਾਂ ਨਵੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣ ਦੇ ਕਿਸੇ ਵੀ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਆਗੂ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੰਧ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸਿੰਧ ਅਸੈਂਬਲੀ ’ਚ ਬੋਲਦਿਆਂ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਅਸੀਂ ਨੈਸ਼ਨਲ ਅਸੈਂਬਲੀ ਨੂੰ ਖ਼ਬਰਦਾਰ ਕਰਦੇ ਹਾਂ ਕਿ ਸਿੰਧ ਦੀ ਵੰਡ ਬਾਰੇ ਬਹਿਸ ਕਰਨ ਦੀ ਗ਼ਲਤੀ ਵੀ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਕਦਮ ਬਾਰੇ ਫ਼ੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਨੇ ਵੀ ਨਹੀਂ ਸੋਚਿਆ ਸੀ, ਅੱਜ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਿੰਧ ਦੀ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਸੂਬੇ ਦੇ ਕਿਸੇ ਵੀ ਤਰ੍ਹਾਂ ਦੇ ਬਟਵਾਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਰਅਸਲ, ਪਾਕਿ ਦੀ ਸੰਘੀ ਸਰਕਾਰ ਵਲੋਂ ਦੇਸ਼ ਦੇ ਚਾਰ ਸੂਬਿਆਂ ਨੂੰ ਵੰਡ ਕੇ 12 ਤੋਂ 15 ਨਵੇਂ ਪ੍ਰਸ਼ਾਸਕੀ ਸੂਬੇ ਬਣਾਉਣ ਦੀ ਤਜਵੀਜ਼ ਸਾਹਮਣੇ ਆਈ ਹੈ। ਇਸ ਪ੍ਰਸਤਾਵ ਨਾਲ ਪੀ. ਪੀ. ਪੀ. ਸਮੇਤ ਕਈ ਸਿਆਸੀ ਧਿਰਾਂ ਨਾਰਾਜ਼ ਹਨ। ਪੀ. ਪੀ. ਪੀ. ਮੁਖੀ ਬਿਲਾਵਲ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇਹ ਵਿਵਾਦ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੇਂਦਰ ‘ਚ ਸ਼ਾਹਬਾਜ਼ ਸ਼ਰੀਫ਼ ਦੀ ਗੱਠਜੋੜ ਸਰਕਾਰ ਪੀ. ਪੀ. ਪੀ. ਦੇ ਸਮਰਥਨ ‘ਤੇ ਹੀ ਨਿਰਭਰ ਹੈ, ਜਿਸ ਕਾਰਨ ਇਸਲਾਮਾਬਾਦ ‘ਚ ਨਵਾਂ ਸਿਆਸੀ ਸੰਕਟ ਖੜ੍ਹਾ ਹੋਣ ਦਾ ਖ਼ਦਸ਼ਾ ਹੈ। ਨਵੇਂ ਸੂਬੇ ਬਣਾਉਣ ਦੇ ਮੁੱਦੇ ‘ਤੇ ਫ਼ੌਜ ਦੇ ਦਬਾਅ ਕਾਰਨ ਪਾਕਿ ਦੇ ਰਾਸ਼ਟਰਪਤੀ ਜ਼ਰਦਾਰੀ ਦੇ ਨਾਰਾਜ਼ ਹੋਣ ਦੀਆਂ ਖ਼ਬਰਾਂ ਹਨ ਅਤੇ ਉਹ ਇਸ ਵੇਲੇ ਲੰਡਨ ’ਚ ਹਨ। ਉਨ੍ਹਾਂ ਨੂੰ ਮਨਾਉਣ ਲਈ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਲੰਡਨ ਪਹੁੰਚੇ ਹਨ।