ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤੋਂ ਆਜ਼ਾਦੀ ਦੀ ਲੜਾਈ ਲੜ ਰਹੀ ਜਥੇਬੰਦੀ ‘ਰਿਪਬਲਿਕ ਆਫ਼ ਬਲੋਚਿਸਤਾਨ’ ਨੇ ਲਹਿੰਦੇ ਪੰਜਾਬ ’ਚ ਸ਼ਾਮਿਲ ਬਲੋਚ ਬਹੁ-ਗਿਣਤੀ ਵਾਲੇ ਇਲਾਕਿਆਂ ਨੂੰ ਬਲੋਚਿਸਤਾਨ ਦੇ ਮੂਲ ਨਕਸ਼ੇ ’ਚ ਵਾਪਸ ਜੋੜਨ ਲਈ ਇਕ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਤੌਂਸਾ ਸ਼ਰੀਫ਼, ਡੇਰਾ ਗ਼ਾਜ਼ੀ ਖ਼ਾਨ ਅਤੇ ਰਾਜਨਪੁਰ ਸਮੇਤ ਕਈ ਇਲਾਕਿਆਂ ’ਤੇ ਆਪਣਾ ਦਾਅਵਾ ਪੇਸ਼ ਕਰਦਿਆਂ ਮੰਗ ਕੀਤੀ ਹੈ ਕਿ ਇਤਿਹਾਸਕ ਭੂਗੋਲ ਮੁਤਾਬਿਕ ਬਲੋਚਿਸਤਾਨ ਦੇ ਖੇਤਰਫਲ ਨੂੰ 44 ਫ਼ੀਸਦੀ ਦੀ ਥਾਂ 64 ਫ਼ੀਸਦੀ ਦਰਜ ਕੀਤਾ ਜਾਵੇ। ਜਥੇਬੰਦੀ ਦਾ ਕਹਿਣਾ ਹੈ ਕਿ ਅਤੀਤ ’ਚ ਇਨ੍ਹਾਂ ਇਲਾਕਿਆਂ ਨੂੰ ਗੈਰ-ਕਾਨੂੰਨੀ ਤੇ ਜ਼ਬਰਦਸਤੀ ਪੰਜਾਬ ਸੂਬੇ ਦਾ ਹਿੱਸਾ ਬਣਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਮੁੜ ਬਲੋਚਿਸਤਾਨ ਦੇ ਪ੍ਰਸ਼ਾਸਨ ਤੇ ਕੰਟਰੋਲ ਹੇਠ ਲਿਆਂਦਾ ਜਾਵੇਗਾ।
ਰਿਪਬਲਿਕ ਆਫ਼ ਬਲੋਚਿਸਤਾਨ ਜਥੇਬੰਦੀ ਨੇ ਲਹਿੰਦੇ ਪੰਜਾਬ ’ਚ ਸਦੀਆਂ ਤੋਂ ਰਹਿ ਰਹੇ ਲੇਘਾਰੀ, ਖੋਸਾ, ਮਜ਼ਾਰੀ, ਦ੍ਰਿਸ਼ਾਕ, ਕੈਸਰਾਨੀ, ਬੁਜ਼ਦਾਰ, ਗੋਰਚਾਨੀ, ਖੇਤਰਾਨ, ਰਿੰਦ, ਲਾਸ਼ਾਰੀ, ਜਾਮਲੀ ਤੇ ਜਤੋਈ ਸਮੇਤ ਸਾਰੇ ਬਲੋਚ ਭਾਈਚਾਰਿਆਂ ਨੂੰ ਆਪਣੀ ਇਤਿਹਾਸਕ, ਸਭਿਆਚਾਰਕ ਤੇ ਕੌਮੀ ਪਛਾਣ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਜਥੇਬੰਦੀ ਨੇ ਪੰਜਾਬ ’ਚ ਰਹਿ ਰਹੇ ਬਲੋਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਛਾਣ ਪੱਤਰ, ਪਾਸਪੋਰਟ, ਰਿਹਾਇਸ਼ੀ ਸਰਟੀਫਿਕੇਟ ਤੇ ਸਕੂਲ ਤੇ ਜਨਮ ਪ੍ਰਮਾਣ ਪੱਤਰਾਂ ’ਚ ਪੰਜਾਬ ਦੀ ਥਾਂ ਬਲੋਚਿਸਤਾਨ ਲਿਖਵਾਉਣ, ਤਾਂ ਜੋ ਆਪਣੀ ਇਤਿਹਾਸਕ ਪਛਾਣ ਨੂੰ ਬਚਾਇਆ ਜਾ ਸਕੇ। ਜਥੇਬੰਦੀ ਵਲੋਂ ਜਾਰੀ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਬਲੋਚਿਸਤਾਨ ਦਾ ਅਸਲ ਇਤਿਹਾਸਕ ਰਕਬਾ 64 ਫ਼ੀਸਦੀ ਹੈ, ਜਦਕਿ 44 ਫ਼ੀਸਦੀ ਦਾ ਅੰਕੜਾ ਪਾਕਿਸਤਾਨੀ ਹਾਕਮਾਂ ਵਲੋਂ ਥੋਪਿਆ ਗਿਆ ਹੈ। ਸੰਗਠਨ ਨੇ ਕੌਮਾਂਤਰੀ ਮੀਡੀਆ, ਗੂਗਲ, ਵਿਸ਼ਵ ਸੰਸਥਾਵਾਂ ਅਤੇ ਭੂਗੋਲਿਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਲੋਚਿਸਤਾਨ ਦੇ ਖੇਤਰਫਲ ਨੂੰ 64 ਫ਼ੀਸਦੀ ਵਜੋਂ ਹੀ ਦਰਜ ਤੇ ਪੇਸ਼ ਕਰਨ।