ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)-ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ਼.) ਦੇ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਮਹਾਨ ਨਾਇਕ ਅਤੇ ਵੀਰ ਚੱਕਰ ਜੇਤੂ, ਫਲਾਈਟ ਲੈਫ਼ਟੀਨੈਂਟ ਅਲਫ੍ਰੇਡ ਟਾਇਰੋਨ ਕੁੱਕ (ਸੇਵਾਮੁਕਤ) ਦਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਬੇਸ ਹਸਪਤਾਲ ਵਿਚ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 7 ਸਤੰਬਰ 1965 ਨੂੰ ਕਾਲਾਈਕੁੰਡਾ ਵਿਖੇ ਆਪਣੇ ਹਾਕਰ ਹੰਟਰ ਜਹਾਜ਼ ਰਾਹੀਂ ਦੁਸ਼ਮਣ ਦੇ ਕਈ ਸੇਬਰ ਜਹਾਜ਼ਾਂ ਦਾ ਇਕੱਲਿਆਂ ਮੁਕਾਬਲਾ ਕਰਕੇ ਇਤਿਹਾਸਕ ਬਹਾਦਰੀ ਦਿਖਾਈ ਸੀ। ਭਾਰਤੀ ਹਵਾਈ ਫ਼ੌਜ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਹਵਾਈ ਲੜਾਈ ਦਾ ਇਕ ਸ਼ਾਨਦਾਰ ਅਧਿਆਇ ਕਰਾਰ ਦਿੱਤਾ ਹੈ। ਫਲਾਈਟ ਲੈਫ਼ਟੀਨੈਂਟ ਕੁੱਕ ਆਪਣੀ ਹਵਾਈ ਸੈਨਾ ਦੀ ਪੁਰਾਣੀ ਯੂਨਿਟ, 14ਵੇਂ ਸਕੁਐਡਰਨ ਦੀ ਪਲੈਟੀਨਮ ਜੁਬਲੀ ਸਮਾਗਮ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ’ਤੇ ਆਸਟ੍ਰੇਲੀਆ (ਜਿੱਥੇ ਉਹ ਸੇਵਾਮੁਕਤੀ ਤੋਂ ਬਾਅਦ ਰਹਿ ਰਹੇ ਸਨ) ਤੋਂ ਭਾਰਤ ਆਏ ਹੋਏ ਸਨ। ਦੱਸਣਯੋਗ ਹੈ ਕਿ 7 ਸਤੰਬਰ 1965 ਨੂੰ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਤੋਂ ਪੱਛਮੀ ਬੰਗਾਲ ਦੇ ਕਾਲਾਈਕੁੰਡਾ ਏਅਰਬੇਸ ’ਤੇ ਪਾਕਿਸਤਾਨੀ ਹਵਾਈ ਸੈਨਾ ਦੇ ਸੇਬਰ ਜਹਾਜ਼ਾਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਸੀ। ਫਲਾਈਟ ਲੈਫ਼ਟੀਨੈਂਟ ਕੁੱਕ ਅਤੇ ਉਨ੍ਹਾਂ ਦੇ ਵਿੰਗਮੈਨ, ਫਲਾਇੰਗ ਆਫ਼ੀਸਰ ਸੁਬੋਧ ਚੰਦਰ ਮੰਗੈਨ, ਆਪਣੇ ‘ਹਾਕਰ ਹੰਟਰ’ ਲੜਾਕੂ ਜਹਾਜ਼ਾਂ ਨਾਲ ਹਵਾਈ ਗਸ਼ਤ ’ਤੇ ਸਨ। ਦੋਵਾਂ ਨੇ ਰਲ ਕੇ ਆਪਣੇ ਤੋਂ ਤਿੰਨ ਗੁਣਾ ਵੱਧ ਗਿਣਤੀ ਵਾਲੇ ਪਾਕਿਸਤਾਨੀ ਸੇਬਰ ਜਹਾਜ਼ਾਂ ਦਾ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਇਸ ਅਦੁੱਤੀ ਬਹਾਦਰੀ ਬਦਲੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਜੰਗੀ ਬਹਾਦਰੀ ਪੁਰਸਕਾਰ ਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ।
1965 ਜੰਗ ਦੇ ਹੀਰੋ ਤੇ ਫਲਾਈਟ ਲੈਫ਼ਟੀਨੈਂਟ ਅਲਫ੍ਰੇਡ ਟਾਇਰੋਨ ਕੁੱਕ ਦਾ ਦਿਹਾਂਤ ਜੰਗ ਦੌਰਾਨ ਦੁਸ਼ਮਣ ਦੇ ਜਹਾਜ਼ਾਂ ਦਾ ਦਲੇਰੀ ਨਾਲ ਕੀਤਾ ਸੀ ਮੁਕਾਬਲਾ
ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)-ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ਼.) ਦੇ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਮਹਾਨ ਨਾਇਕ ਅਤੇ ਵੀਰ ਚੱਕਰ ਜੇਤੂ, ਫਲਾਈਟ ਲੈਫ਼ਟੀਨੈਂਟ ਅਲਫ੍ਰੇਡ ਟਾਇਰੋਨ ਕੁੱਕ (ਸੇਵਾਮੁਕਤ) ਦਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਬੇਸ ...
ਅਜੀਤ ਡੈਸਕ
20-09-2026