ਤਰਨ ਤਾਰਨ/ਖਾਲੜਾ, 2 ਅਕਤੂਬਰ (ਹਰਿੰਦਰ ਸਿੰਘ, ਜੱਜਪਾਲ ਸਿੰਘ ਜੱਜ)–ਭਾਰਤ-ਪਾਕਿਸਤਾਨ ਸਰਹੱਦ ’ਤੇ ਖਾਲੜਾ ਸੈਕਟਰ ਦੇ ਬੀ.ਓ.ਪੀ. ਰਾਜੋਕੇ ਇਲਾਕੇ ’ਚ ਵੀਰਵਾਰ ਦੇਰ ਰਾਤ ਨੂੰ ਭਾਰਤੀ ਖ਼ੇਤਰ ਵਿਚ ਘੁੁਸਪੈਠ ਦੀ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਨਾਕਾਮ ਕਰਦਿਆਂ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਹਲਾਕ ਕਰ ਦਿੱਤਾ। ਜਦਕਿ ਬੀ.ਐਸ.ਐਫ. ਦੀ ਗੋਲੀ ਤੋਂ ਬਚਦਾ ਹੋਇਆ ਇਕ ਘੁਸਪੈਠੀਆ ਵਾਪਸ ਪਾਕਿਸਤਾਨ ਖ਼ੇਤਰ ’ਚ ਜਾਣ ਵਿਚ ਕਾਮਯਾਬ ਹੋ ਗਿਆ। ਬੀ.ਐਸ.ਐਫ. ਨੇ ਮਾਰੇ ਗਏ ਦੋਵੇਂ ਪਾਕਿਸਤਾਨੀ ਘੁਸਪੈਠੀਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਜਦਕਿ ਇਸ ਤੋਂ ਪਹਿਲਾਂ ਵੀ ਖੇਮਕਰਨ ਸੈਕਟਰ ’ਚ ਪੰਜ ਪਾਕਿਸਤਾਨੀ ਘੁਸਪੈਠੀਏ ਭਾਰਤੀ ਖ਼ੇਤਰ ਵਿਚ ਦਾਖ਼ਲ ਹੋਣ ਸਮੇਂ ਮਾਰੇ ਜਾ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਬੀ.ਐਸ.ਐਫ. ਦੇ ਅਧਿਕਾਰੀਆਂ ਪਾਸੋਂ ਉਨ੍ਹਾਂ ਨੂੰ ਸੂਚਨਾ ਹਾਸਲ ਹੋਈ ਹੈ ਕਿ ਭਾਰਤ–ਪਾਕਿ ਸਰਹੱਦ ’ਤੇ ਬੀ.ਓ.ਪੀ. ਰਾਜੋਕੇ ਇਲਾਕੇ ਵਿਚ ਪਾਕਿਸਤਾਨ ਵਲੋਂ ਤਿੰਨ ਘੁਸਪੈਠੀਏ ਭਾਰਤੀ ਖ਼ੇਤਰ ’ਚ ਦਾਖ਼ਲ ਹੁੰਦੇ ਦਿਖਾਈ ਦਿੱਤੇ ਤਾਂ ਬੀ.ਐਸ.ਐਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਚਿਤਾਵਨੀ ਦਿੱਤੀ, ਪਰ ਤਿੰਨੇ ਘੁਸਪੈਠੀਏ ਭਾਰਤੀ ਖ਼ੇਤਰ ’ਚ ਆ ਗਏ ਅਤੇ ਖ਼ੇਤਾਂ ’ਚ ਲੰਮੇ ਪੈ ਗਏ। ਬੀ.ਐਸ.ਐਫ. ਦੇ ਜਵਾਨਾਂ ਵਲੋਂ ਸਾਰਾ ਮਾਮਲਾ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਜਦ ਪਾਕਿਸਤਾਨੀ ਘੁਸਪੈਠੀਏ ਵਾਪਸ ਨਾ ਮੁੜੇ ਤਾਂ ਬੀ.ਐਸ.ਐਫ. ਦੇ ਜਵਾਨਾਂ ਵਲੋਂ ਫਾਇਰਿੰਗ ਕਰਨ ਤੋਂ ਬਾਅਦ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ, ਜਦਕਿ ਉਨ੍ਹਾਂ ਦਾ ਤੀਸਰਾ ਸਾਥੀ ਵਾਪਸ ਪਾਕਿਸਤਾਨ ਵੱਲ ਭੱਜਣ ਵਿਚ ਕਾਮਯਾਬ ਹੋ ਗਿਆ। ਮਾਰੇ ਗਏ ਦੋਵੇਂ ਪਾਕਿਸਤਾਨੀ ਘੁਸਪੈਠੀਆਂ ਦੀ ਉਮਰ ਕਰੀਬ 25 ਤੋਂ 26 ਸਾਲ ਦੱਸੀ ਜਾ ਰਹੀ ਹੈ। ਇਹ ਘੁਸਪੈਠੀਏ ਪਾਕਿਸਤਾਨ ਵਾਲੇ ਪਾਸੇ ਚੱਟਣਵਾਲੇ ਇਲਾਕੇ ਤੋਂ ਭਾਰਤੀ ਖ਼ੇਤਰ ਵਿਚ ਦਾਖ਼ਲ ਹੋਏ ਸਨ। ਬੀ.ਐਸ.ਐਫ. ਵਲੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰਨ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਪਾਕਿਸਤਾਨੀ ਘੁਸਪੈਠੀਏ ਕੋਈ ਗੈਰ ਕਾਨੂੰਨੀ ਵਸਤੂ ਆਪਣੇ ਨਾਲ ਲੈ ਕੇ ਆਏ ਜਾਂ ਨਹੀਂ, ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਇਲਾਕੇ ’ਚ ਆਪਣੀ ਚੌਕਸੀ ਵਧਾ ਦਿੱਤੀ ਗਈ ਹੈ। ਇਸ ਸੰਬੰਧੀ ਥਾਣਾ ਖਾਲੜਾ ਦੇ ਐਸ.ਐਚ.ਓ. ਅਤੇ ਹੋਰ ਅਧਿਕਾਰੀ ਬੀ.ਐਸ.ਐਫ. ਨਾਲ ਘਟਨਾ ਸਥਾਨ ’ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਮਾਰੇ ਗਏ ਘੁਸਪੈਠੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਖੇਮਕਰਨ ਸੈਕਟਰ ’ਚ ਪਹਿਲਾਂ ਵੀ ਪੰਜ ਘੁਸਪੈਠੀਏ ਭਾਰਤੀ ਖ਼ੇਤਰ ’ਚ ਦਾਖ਼ਲ ਹੋਣ ਸਮੇਂ ਬੀ.ਐਸ.ਐਫ. ਦੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਹਨ। 9 ਮਾਰਚ 2026 ਨੂੰ ਨੂਰਵਾਲਾ ਸੀਮਾ ਚੌਂਕੀ ਵਿਖੇ ਬੀ.ਐਸ.ਐਫ. ਵਲੋਂ ਭਾਰਤੀ ਖ਼ੇਤਰ ’ਚ ਦਾਖ਼ਲ ਹੋਣ ਵਾਲੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਉਸ ਕੋਲੋਂ ਕੁਝ ਦਵਾਈਆਂ ਮਿਲੀਆਂ ਸਨ। ਇਸ ਤੋਂ ਪਹਿਲਾਂ 12 ਅਗਸਤ 2024 ਨੂੰ ਡੱਲ ਇਲਾਕੇ ’ਚ ਭਾਰਤੀ ਖ਼ੇਤਰ ਵਿਚ ਆ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਰੋਕਣ ਦੇ ਬਾਵਜੂਦ ਉਸ ਵਲੋਂ ਭਾਰਤੀ ਖ਼ੇਤਰ ਵਿਚ ਆਉਣ ’ਤੇ ਬੀ.ਐਸ.ਐਫ. ਨੇ ਫਾਇਰਿੰਗ ਕਰਕੇ ਉਸ ਨੂੰ ਹਲਾਕ ਕਰ ਦਿੱਤਾ ਸੀ। 11 ਅਗਸਤ 2023 ਨੂੰ ਵੀ ਥੇਹ ਕਲਾਂ ਇਲਾਕੇ ਵਿਚ ਬੀ.ਐਸ.ਐਫ. ਵਲੋਂ ਭਾਰਤੀ ਖ਼ੇਤਰ ’ਚ ਆਏ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਗਿਆ ਸੀ। 13 ਫਰਵਰੀ 2021 ਨੂੰ ਵੀ ਬੀ.ਐਸ.ਐਫ. ਅਤੇ ਨਾਰਕੋਟਿਕਸ ਬਿਊਰੋ ਵਲੋਂ ਭਾਰਤੀ ਖ਼ੇਤਰ ’ਚ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਆਉਣ ਵਾਲੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ ਗਿਆ ਸੀ। ਉਸ ਸਮੇਂ ਮਾਰੇ ਗਏ ਘੁਸਪੈਠੀਏ ਦੇ ਕਬਜ਼ੇ ’ਚੋਂ ਬੀ.ਐਸ.ਐਫ. ਨੇ 14 ਕਿੱਲੋ 800 ਗ੍ਰਾਮ ਹੈਰੋਇਨ ਪਿਸਟਲ ਦੀ ਇਕ ਮੈਗਜ਼ੀਨ ਅਤੇ 6 ਕਾਰਤੂਸ ਬਰਾਮਦ ਕੀਤੇ ਸਨ। 2 ਮਈ 2021 ਨੂੰ ਵੀ ਖਾਲੜਾ ਸੈਕਟਰ ’ਚ ਬੀ.ਐਸ.ਐਫ. ਵਲੋਂ ਇਕ ਘੁਸਪੈਠੀਏ ਨੂੰ ਭਾਰਤੀ ਖ਼ੇਤਰ ’ਚ ਦਾਖ਼ਲ ਹੋਣ ’ਤੇ ਮਾਰ ਦਿੱਤਾ ਗਿਆ ਸੀ। ਉਸ ਕੋਲੋਂ ਪਾਕਿਸਤਾਨੀ ਕਰੰਸੀ ਅਤੇ ਤੰਬਾਕੂ ਬਰਾਮਦ ਕੀਤਾ ਗਿਆ ਸੀ।