ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਦੇ ਇਜਲਾਸ ਦੌਰਾਨ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ। ਪੰਜਾਬ ’ਚ ਇਸ ਵੇਲੇ ਭਖੇ ਹੋਏ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੇ ਮਾਮਲੇ ਨੂੰ ਲੈ ਕੇ ਇਜਲਾਸ ’ਚ ਤਿੱਖੀ ਬਹਿਸ ਤੇ ਹੰਗਾਮਾ ਹੋਣ ਦੇ ਆਸਾਰ ਹਨ। ਵਿਧਾਇਕ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਲਈ ਇਹ ਇਜਲਾਸ ਇਕ ਪ੍ਰੀਖਿਆ ਵਜੋਂ ਵੀ ਹੋਵੇਗਾ ਕਿਉਂਕਿ ਸਭ ਦੀ ਨਜ਼ਰ ਉਨ੍ਹਾਂ ’ਤੇ ਹੋਵੇਗੀ ਕਿ ਉਹ ਪ੍ਰਧਾਨ ਬਣਨ ਤੋਂ ਬਾਅਦ ਸਦਨ ਅੰਦਰ ਸਰਕਾਰ ਨੂੰ ਘੇਰਨ ਲਈ ਕਿੰਨੇ ਗੋਲ ਕਰਦੇ ਹਨ। ਨਾਲ ਹੀ ਪਰਗਟ ਸਿੰਘ ਦੀ ਪ੍ਰਧਾਨਗੀ ਤੋਂ ਬਾਅਦ ਸਦਨ ਅੰਦਰ ਕਾਂਗਰਸ ਦੇ ਵਿਧਾਇਕਾਂ ਦਾ ਤਾਲਮੇਲ ਵੀ ਦੇਖਣਯੋਗ ਹੋਵੇਗਾ। ਹਾਲਾਂਕਿ ਭਾਜਪਾ ਤੇ ਅਕਾਲੀ ਦਲ ਦੇ ਮੈਂਬਰਾਂ ਦੀ ਗਿਣਤੀ ਬੇਹੱਦ ਘੱਟ ਹੈ, ਪਰ ਫਿਰ ਵੀ ਉਹ ਕੋਸ਼ਿਸ਼ ਕਰਨਗੇ ਕਿ ਸਰਕਾਰ ਨੂੰ ਘੇਰਿਆ ਜਾਵੇ। ਵਿਰੋਧੀ ਧਿਰਾਂ ਵਲੋਂ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ, ਸੂਬੇ ਦੀ ਕਾਨੂੰਨ ਵਿਵਸਥਾ, ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦੇ ਮਾਮਲੇ, ਪਰਵਿੰਦਰ ਸਿੰਘ ਝੋਟਾ ਕੇਸ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਵੀ ਸਰਕਾਰ ਨੂੰ ਜ਼ੋਰ-ਸ਼ੋਰ ਨਾਲ ਘੇਰਨ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਫਰਵਰੀ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਹੋ ਸਕਦਾ ਹੈ ਕਿ ਇਜਲਾਸ ਤੋਂ ਬਾਅਦ ਸ਼ਾਇਦ ਹੀ ਵਿਰੋਧੀ ਧਿਰਾਂ ਨੂੰ ਸਦਨ ਅੰਦਰ ਸਰਕਾਰ ਨੂੰ ਘੇਰਨ ਦਾ ਮੌਕਾ ਮਿਲੇ। ਉੱਧਰ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਵੀ ਵਿਰੋਧੀ ਧਿਰਾਂ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਬਾਖ਼ੂਬੀ ਪੂਰਾ ਕੀਤਾ ਹੈ ਤੇ ਪੰਜਾਬ ਦੇ ਲੋਕ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਸਰਕਾਰ ਨੂੰ ਘੇਰਨ ਲਈ ਅਸਲ ’ਚ ਕੋਈ ਮੁੱਦਾ ਨਹੀਂ ਹੈ, ਪਰ ਉਨ੍ਹਾਂ ਵਲੋਂ ਹਰ ਮਸਲੇ ਨੂੰ ਲੈ ਕੇ ਸਿਰਫ਼ ਰਾਜਨੀਤੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਰਵਿੰਦਰ ਸਿੰਘ ਝੋਟਾ ਕੇਸ ਸਮੇਤ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਸਦਨ ਦੇ ਅੰਦਰ ਤੇ ਬਾਹਰ ਘੇਰਦੇ ਹੋਏ ਸਰਕਾਰ ਦੀ ਜਵਾਬਦੇਹੀ ਬਣਾਏਗੀ ਤੇ ਸਰਕਾਰ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।
ਨਸ਼ਿਆਂ ਸਮੇਤ ਝੋਟਾ ਹੱਤਿਆ ਕਾਂਡ ਨੂੰ ਲੈ ਕੇ ਸਰਕਾਰ ਨੂੰ ਘੇਰਨਗੀਆਂ ਵਿਰੋਧੀ ਧਿਰਾਂ
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਦੇ ਇਜਲਾਸ ਦੌਰਾਨ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ...
ਅਜੀਤ ਡੈਸਕ
22-10-2026