ਅੰਮ੍ਰਿਤਸਰ, 5 ਨਵੰਬਰ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਫ਼ਰੰਟ ਨੇ ਦਾਅਵਾ ਕੀਤਾ ਕਿ ਉਸ ਦੀ ਮਹਿਲਾ ਲੜਾਕੂ ਯੂਨਿਟ ਕਰੀਮਾ ਆਰਮਡ ਅਸਾਲਟ ਡਿਵੀਜ਼ਨ (ਕੇ. ਏ. ਏ. ਡੀ.) ਅਤੇ ਕੁਰਬਾਨ ਯੂਨਿਟ ਨੇ ਸਾਂਝੇ ਤੌਰ ’ਤੇ ਜ਼ਿਲ੍ਹਾ ਕੇਚ ਦੇ ਬੁਲੇਦਾ ਇਲਾਕੇ ’ਚ ਪਾਕਿਸਤਾਨੀ ਸੁਰੱਖਿਆ ਬਲਾਂ ’ਤੇ ਵੱਡਾ ਹਮਲਾ ਕੀਤਾ। ਜਥੇਬੰਦੀ ਮੁਤਾਬਿਕ ਇਸ ਕਾਰਵਾਈ ਦੌਰਾਨ 7 ਪਾਕਿਸਤਾਨੀ ਜਵਾਨ ਮਾਰੇ ਗਏ। ਜਥੇਬੰਦੀ ਦੇ ਬੁਲਾਰੇ ਮੇਜਰ ਗਵਾਹਰਾਮ ਬਲੋਚ ਵਲੋਂ ਜਾਰੀ ਬਿਆਨ ਅਨੁਸਾਰ ਮਹਿਲਾ ਲੜਾਕਿਆਂ ਨੇ ਮੈਨਾਜ਼ ਬਾਜ਼ਾਰ ਦੇ ਦੋਵੇਂ ਪਾਸੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਆਲੰਦੂਰ ਸਥਿਤ ਫ਼ੌਜੀ ਕੈਂਪ ’ਤੇ ਰਾਕਟ ਲਾਂਚਰਾਂ ਤੇ ਆਟੋਮੈਟਿਕ ਹਥਿਆਰਾਂ ਨਾਲ ਭਾਰੀ ਹਮਲਾ ਬੋਲਿਆ। ਇਸ ਦੌਰਾਨ ਜਦੋਂ ਪਿਛਲੇ ਰਸਤੇ ਤੋਂ ਫ਼ੌਜੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਹੋਈ ਤਾਂ ਉਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬੀ. ਐੱਲ. ਐੱਫ. ਨੇ ਇਹ ਵੀ ਦੱਸਿਆ ਕਿ ਇਸ ਝੜਪ ਦੌਰਾਨ ਉਨ੍ਹਾਂ ਦਾ ਇਕ ਸਾਥੀ ਹਾਸ਼ੁਮ ਉਰਫ਼ ਨੂਰ ਬਲੋਚ ਮਾਰਿਆ ਗਿਆ।ਦੂਜੇ ਪਾਸੇ, ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਸ ਖੇਤਰ ’ਚ ਅੱਤਵਾਦੀਆਂ ਵਲੋਂ ਨਾਕਾਬੰਦੀ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਅਤੇ ਇਕ ਅੱਤਵਾਦੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, 7 ਜਵਾਨਾਂ ਦੇ ਮਾਰੇ ਜਾਣ ਦੇ ਦਾਅਵੇ ਬਾਰੇ ਪਾਕਿ ਸਰਕਾਰ ਜਾਂ ਫ਼ੌਜ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਬੀ. ਐੱਲ. ਐੱਫ. ਦੀ ਮਹਿਲਾ ਲੜਾਕੂ ਯੂਨਿਟ ਵਲੋਂ ਪਾਕਿ ਫ਼ੌਜ ’ਤੇ ਹਮਲਾ-7 ਹਲਾਕ
ਬੀ. ਐੱਲ. ਐੱਫ. ਦੀ ਮਹਿਲਾ ਲੜਾਕੂ ਯੂਨਿਟ ਵਲੋਂ ਪਾਕਿ ਫ਼ੌਜ ’ਤੇ ਹਮਲਾ-7 ਹਲਾਕ
ਅਜੀਤ ਡੈਸਕ
06-11-2026