ਗੜ੍ਹਸ਼ੰਕਰ, 3 ਜਨਵਰੀ (ਧਾਲੀਵਾਲ)-ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਦੇਖ-ਰੇਖ ਹੇਠ ਮਿਡ-ਡੇ-ਮੀਲ ਵਰਕਰ ਯੂਨੀਅਨ ਡੈਮੋਕ੍ਰੈਟਿਕ ਪੈਨਸ਼ਨਰ ਫਰੰਟ ਵਲੋਂ ਸਾਂਝੇ ਤੌਰ 'ਤੇ ਭਾਰਤ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਬੀਬੀ ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ 'ਤੇ ਉਸ ਦੀ ਸਹਿਯੋਗੀ ਅਧਿਆਪਕਾ ਫਾਤਮਾ ਸ਼ੇਖ ਨੂੰ ਸਾਂਝੇ ਤੌਰ 'ਤੇ ਯਾਦ ਕਰਕੇ ਨਵੇਂ ਸਾਲ 'ਚ ਚੁਣੌਤੀਆਂ ਸੰਬੰਧੀ ਵਿਚਾਰ ਗੋਸ਼ਟੀ ਕਰਵਾਈ ਗਈ | ਵਿਚਾਰ ਗੋਸ਼ਟੀ ਦੀ ਅਗਵਾਈ ਸੁਖਦੇਵ ਡਾਨਸੀਵਾਲ, ਮਨਜਿੰਦਰ ਕੌਰ ਤੇ ਬਲਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਬੁਲਾਰਿਆਂ ਜਸਵਿੰਦਰ ਸਿੰਘ, ਸਿਮਰਨ ਕੌਰ, ਜਸਵਿੰਦਰ ਕੌਰ, ਡਾ. ਬਿੱਕਰ ਸਿੰਘ, ਸੰਜੀਵ ਕੁਮਾਰ ਪੀ.ਟੀ.ਆਈ., ਗਿਆਨ ਸਿੰਘ ਨੂਰਪੁਰ ਬੇਦੀ, ਅਤੇ ਹੰਸ ਰਾਜ ਨੇ ਬੀਬੀ ਸਵਿੱਤਰੀ ਬਾਈ ਫੂਲੇ ਦੁਆਰਾ ਲੜਕੀਆਂ ਦੀ ਸਿੱਖਿਆ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਜੋਕੇ ਸਮੇਂ 'ਚ ਉਸ ਦੀ ਮਹੱਤਤਾ 'ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਆਗੂਆਂ ਨੇ ਕਿਹਾ ਕਿ ਸਵਿੱਤਰੀ ਬਾਈ ਫੂਲੇ ਨੇ ਆਪਣੇ ਪਤੀ ਜੋਤੀਬਾ ਫੂਲੇ ਦੀ ਅਗਾਂਹਵਧੂ ਸੋਚ ਅਤੇ ਉਨ੍ਹਾਂ ਦੇ ਦੋਸਤ ਉਸਮਾਨ ਸ਼ੇਖ ਅਤੇ ਬੀਬੀ ਫਾਤਿਮਾ ਸ਼ੇਖ ਦੀ ਸਹਾਇਤਾ ਦੇ ਨਾਲ ਅੱਜ ਤੋਂ ਤਕਰੀਬਨ ਇਕ ਸੋ ਅੱਸੀ ਸਾਲ ਪਹਿਲਾ ਸਕੂਲ ਖੋਲ੍ਹ ਕੇ ਲੜਕੀਆਂ ਦੀ ਸਿੱਖਿਆ ਦਾ ਰਾਹ ਖੋਲਿ੍ਹਆ ਅਤੇ ਹਿੰਦੂ ਮੁਸਲਿਮ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜੋ ਰੂੜੀਵਾਦੀਆਂ ਨੂੰ ਬਿਲਕੁਲ ਪਸੰਦ ਨਹੀਂ ਸੀ | ਸੁਖਦੇਵ ਡਾਨਸੀਵਾਲ, ਮੁਕੇਸ਼ ਕੁਮਾਰ, ਸੱਤਪਾਲ ਕਲੇਰ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਵੀ ਮਜ਼ਦੂਰਾਂ, ਆਮ ਲੋਕਾਂ ਅਤੇ ਔਰਤਾਂ ਨੂੰ ਨਿੱਜੀਕਰਨ ਅਤੇ ਬਜਾਰੀਕਰਨ ਦੀਆਂ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕਰਕੇ ਉਨ੍ਹਾਂ ਦੇ ਪੜ੍ਹਨ ਦੇ ਹੱਕ ਤੋਂ ਵਾਂਝਾ ਕਰ ਰਿਹਾ ਹੈ | ਇਸ ਮੌਕੇ ਜਰਨੈਲ ਸਿੰਘ, ਗੁਰਮੇਲ ਸਿੰਘ, ਅਮਰਜੀਤ ਬੰਗੜ, ਰਜਿੰਦਰ ਸਿੰਘ, ਮਨਜੀਤ ਸਿੰਘ, ਇੰਦਰਜੀਤ ਕੌਰ, ਕ੍ਰਿਸ਼ਨਾ ਦੇਵੀ, ਰਾਜ ਰਾਣੀ, ਕਮਲੇਸ਼ ਕੌਰ ਨੇ ਭਾਗ ਲਿਆ |