ਹੁਸ਼ਿਆਰਪੁਰ, 3 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਪਾਂਸਰਸ਼ਿਪ ਸਕੀਮ (ਫੋਸਟਰ ਕੇਅਰ ਯੋਜਨਾ) ਤਹਿਤ ਅਨਾਥ ਬੱਚਿਆਂ ਅਤੇ ਉਨ੍ਹਾਂ ਬੱਚਿਆਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਜੋ ਕਿਸੇ ਕਾਰਨ ਕਰਕੇ ਆਪਣੇ ਮਾਪਿਆਂ ਜਾਂ ਜੈਵਿਕ ਪਰਿਵਾਰ ਨਾਲ ਨਹੀਂ ਰਹਿ ਸਕਦੇ | ਇਸ ਯੋਜਨਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸੰਸਥਾਗਤ ਦੇਖ-ਭਾਲ ਦੀ ਬਜਾਏ ਇੱਕ ਸੁਰੱਖਿਅਤ ਅਤੇ ਪਿਆਰ ਭਰਿਆ ਪਰਿਵਾਰਕ ਮਾਹੌਲ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਫੋਸਟਰ ਕੇਅਰ ਸਕੀਮ ਤਹਿਤ ਅਜਿਹੇ ਬੱਚਿਆਂ ਨੂੰ ਇਕ ਸਮਰੱਥ ਅਤੇ ਇੱਛੁਕ ਪਰਿਵਾਰ ਨੂੰ ਸੌਂਪਿਆ ਜਾਂਦਾ ਹੈ, ਜੋ ਉਨ੍ਹਾਂ ਦੀ ਸਿੱਖਿਆ, ਸਿਹਤ, ਪੋਸ਼ਣ ਅਤੇ ਸਮੁੱਚੇ ਵਿਕਾਸ ਦੀ ਜ਼ਿੰਮੇਵਾਰੀ ਲੈਂਦਾ ਹੈ | ਭਾਵੇਂ ਇਹ ਪਰਿਵਾਰ ਬੱਚੇ ਦੇ ਕਾਨੂੰਨੀ ਮਾਪੇ ਨਹੀਂ ਬਣਦੇ, ਪਰ ਉਹ ਉਸ ਨੰੂ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਪਿਆਰ, ਸੁਰੱਖਿਆ ਅਤੇ ਦੇਖ-ਭਾਲ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਇਹ ਯੋਜਨਾ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਹਰ ਬੱਚਾ ਪਿਆਰ, ਸੁਰੱਖਿਆ ਅਤੇ ਬਿਹਤਰ ਭਵਿੱਖ ਦਾ ਹੱਕਦਾਰ ਹੈ ਅਤੇ ਬੱਚਿਆਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਦੇ ਨਾਲ-ਨਾਲ ਇਹ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ |