ਐਮਾਂ ਮਾਂਗਟ, 6 ਜਨਵਰੀ (ਗੁਰਾਇਆ)- ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਦਸਮੇਸ਼ ਪਬਲਿਕ ਸਕੂਲ ਚੱਕ ਅੱਲ੍ਹਾ ਬਖ਼ਸ਼ ਦੇ ਲਾਗੇ ਇਕ ਨੌਜਵਾਨ ਜੋ ਕੀ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਪਿੱਛੋਂ ਆ ਰਹੀ ਇੱਕ ਕਾਰ ਨੇ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਐਕਟਿਵਾ ਸਵਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇੱਕ ਐਂਬੂਲੈਂਸ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਲੈਰੀਆ ਖ਼ੁਰਦ ਜੋ ਕੀ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਮੁਕੇਰੀਆਂ ਵਿਖੇ ਕੰਮ ਗਿਆ ਹੋਇਆ ਸੀ ਅਤੇ ਜਦੋਂ ਇਹ ਬੀਤੀ ਰਾਤ ਕਰੀਬ 8 ਵਜੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਦਸਮੇਸ਼ ਪਬਲਿਕ ਸਕੂਲ ਦੇ ਲਾਗੇ ਪਹੁੰਚਿਆ ਤਾਂ ਪਿੱਛੋਂ ਆਉਂਦੀ ਇੱਕ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੇ ਸਿੱਟੇ ਵਜੋਂ ਇਹ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ | ਲੋਕਾਂ ਦੀ ਸਹਾਇਤਾ ਨਾਲ ਇਸ ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵਲੋਂ ਇਸ ਨੌਜਵਾਨ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ | ਇਸ ਦੇ ਪਰਿਵਾਰ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਮੁਕੇਰੀਆਂ ਦੀ ਪੁਲਿਸ ਵੱਲੋਂ ਕਾਰ ਸਵਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ |