ਟਾਂਡਾ ਉੜਮੁੜ, 6 ਜਨਵਰੀ (ਦੀਪਕ ਬਹਿਲ, ਸੈਣੀ, ਭਗਵਾਨ ਸਿੰਘ ਸੈਣੀ, ਗੁਰਾਇਆ)-ਟਾਂਡਾ ਤੇ ਪੰਜਾਬ ਦੇ ਹੋਰ ਇਲਾਕਿਆਂ ਅੰਦਰ ਧੋਖਾਧੜੀ ਦੇ ਨਾਲ ਬਜ਼ੁਰਗਾਂ ਕੋਲੋਂ ਏ.ਟੀ. ਐਮ. ਬਦਲ ਕੇ ਠੱਗੀ ਮਾਰਨ ਦੇ ਦੋਸ਼ 'ਚ ਨਾਮਜ਼ਦ ਹਿਸਟਰੀ ਮੁਲਜ਼ਮ ਨੂੰ ਟਾਂਡਾ ਪੁਲਿਸ ਦੀ ਟੀਮ ਨੇ ਕਾਬੂ ਕੀਤਾ ਹੈ | ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ ਅਤੇ ਐੱਸ. ਐੱਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਵਲੋਂ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸੰਬੰਧੀ ਅਹਿਮ ਖ਼ੁਲਾਸੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿੱਢੀ ਮੁਹਿੰਮ ਤਹਿਤ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵਲੋਂ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ | ਡੀ.ਐੱਸ. ਪੀ. ਬਾਜਵਾ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਪਹਿਲਾਂ ਵੀ ਨਵਾਂ ਸ਼ਹਿਰ 'ਚ ਇਕ ਮਹਿਲਾ ਟੀਚਰ ਦਾ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ 1 ਲੱਖ 29 ਹਜ਼ਾਰ ਰੁਪਏ ਕਢਵਾਏ ਸਨ | ਇਸ ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿਚ ਜੇਲ੍ਹ ਹੋ ਗਈ ਸੀ ਉਪਰੰਤ ਪਿਛਲੇ ਸਾਲ 13 ਜੂਨ ਨੂੰ ਉਹ ਜੇਲ੍ਹ 'ਚੋਂ ਜ਼ਮਾਨਤ 'ਤੇ ਆਉਣ ਉਪਰੰਤ ਉਸ ਨੇ ਆਪਣਾ ਠੱਗੀ ਠੋਰੀ ਵਾਲਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਅਤੇ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਇਹ ਮੁਲਜ਼ਮ ਟਾਂਡਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਕੋਲ ਮੌਜੂਦ ਹੋ ਕੇ ਬਜ਼ੁਰਗਾਂ ਅਤੇ ਅਨਪੜ੍ਹ ਲੋਕਾਂ ਦੇ ਕਾਰਡ ਬਦਲ ਕੇ ਠੱਗੀ ਮਾਰ ਰਿਹਾ ਹੈ | ਉਨ੍ਹਾਂ ਹੋਰ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਪਾਸੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |