ਟਾਂਡਾ ਉੜਮੁੜ, 6 ਜਨਵਰੀ (ਭਗਵਾਨ ਸਿੰਘ ਸੈਣੀ)-ਕੇਂਦਰ ਸਰਕਾਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਕਾਨੂੰਨ 'ਚ ਕੀਤੇ ਗਏ ਤਾਜ਼ਾ ਬਦਲਾਅ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਅਨਾਜ ਮੰਡੀ ਟਾਂਡਾ ਵਿਚ ਮਨਰੇਗਾ ਬਚਾਓ ਸੰਗਰਾਮ ਜ਼ਿਲ੍ਹਾ ਪੱਧਰੀ ਰੈਲੀ ਭਲਕੇ 8 ਜਨਵਰੀ ਨੂੰ ਦੁਪਹਿਰ ਡੇਢ ਵਜੇ ਹੋਵੇਗੀ | ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਈ ਜਾ ਰਹੀ ਇਸ ਰੈਲੀ ਵਿਚ ਪੰਜਾਬ ਇੰਚਾਰਜ ਸਾਬਕਾ ਸੀ. ਐਮ. ਭੂਪੇਸ਼ ਬਘੇਲ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਮੂਹ ਸੂਬਾ ਅਤੇ ਜ਼ਿਲ੍ਹਾ ਲੀਡਰਸ਼ਿਪ ਅਤੇ ਜੁਝਾਰੂ ਵਰਕਰ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਡਿਜੀਟਲ ਹਾਜ਼ਰੀ, ਸਖ਼ਤ ਨਿਯਮਾਂ ਅਤੇ ਬਜਟ ਵਿਚ ਕਟੌਤੀ ਕਾਰਨ ਮਨਰੇਗਾ ਹੇਠ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ | ਜੇਕਰ ਕੇਂਦਰ ਸਰਕਾਰ ਨੇ ਇਹ ਮਜ਼ਦੂਰ ਵਿਰੋਧੀ ਬਿਲ ਵਾਪਸ ਨਾ ਲਏ ਤਾਂ ਕਾਂਗਰਸ ਪਾਰਟੀ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗੀ | ਇਸ ਮੌਕੇ ਸਿਟੀ ਪ੍ਰਧਾਨ ਵਿਪਨ ਮਰਵਾਹਾ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਐੱਮ. ਸੀ. ਰਾਜੇਸ਼ ਲਾਡੀ, ਨੰਬਰਦਾਰ ਜਗਜੀਵਨ ਜੱਗੀ, ਰਾਕੇਸ਼ ਬਿੱਟੂ, ਕਿ੍ਸ਼ਨ ਬਿੱਟੂ, ਪੰਕਜ ਸਚਦੇਵਾ, ਜਸਵਿੰਦਰ ਕਾਕਾ, ਸੁੰਦਰੀ ਖੋਸਲਾ, ਦਵਿੰਦਰ ਬਿੱਲੂ, ਆਸ਼ੂ ਵੈਦ, ਡਾ. ਬਲਦੇਵ ਰਾਜ ਆਦਿ ਹਾਜ਼ਰ ਸਨ |