ਗੜ੍ਹਸ਼ੰਕਰ, 6 ਜਨਵਰੀ (ਧਾਲੀਵਾਲ) -ਭਾਰਤੀ ਜਨਤਾ ਪਾਰਟੀ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸ਼ਹਿਰ ਵਿਚ ਸਰਕਾਰ ਵਲੋਂ ਕਰਵਾਈ ਗਈ ਨਵੀਂ ਵਾਰਡਬੰਦੀ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ 4 ਸਾਲ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਿਕਾਸ ਦੀ ਉਮੀਦ ਸੀ ਪਰ ਸਰਕਾਰ ਨੇ ਸਿਰਫ਼ 4 ਸਾਲ ਬੀਤ ਜਾਣ ਦੇ ਬਾਵਜੂਦ ਵਿਕਾਸ ਦੀ ਥਾਂ ਸਿਰਫ਼ ਨਵੀਂ ਵਾਰਡਬੰਦੀ ਹੀ ਲੋਕਾਂ ਦੇ ਪੱਲੇ ਪਾਈ ਹੈ | ਭਾਜਪਾ ਆਗੂ ਨੇ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਦੇ ਲੋਕਾਂ ਨੇ ਬੜੀ ਉਮੀਦ ਨਾਲ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਤਾਇਆ ਸੀ ਤੇ ਇਸ ਪਾਰਟੀ ਦੇ ਨੁਮਾਇੰਦਿਆਂ ਨੇ ਸ਼ਹਿਰ ਦੇ ਵਿਕਾਸ ਲਈ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ 'ਚ ਵਿਸ਼ੇਸ਼ ਕਰਕੇ ਸਮੁੱਚੇ ਸ਼ਹਿਰ ਵਿਚ ਸੀਵਰੇਜ ਪੁਆਉਣਾ, ਗਲੀਆਂ ਅਤੇ ਸੜਕਾਂ ਦੀ ਉਸਾਰੀ, ਸਟਰੀਟ ਲਾਈਟਾਂ ਤੇ ਸੁੰਦਰ ਪਾਰਕਾਂ ਦੀ ਉਸਾਰੀ ਅਤੇ ਕਈ ਹੋਰ ਵਾਅਦੇ ਸ਼ਾਮਿਲ ਸਨ | ਨਿਮਿਸ਼ਾ ਮਹਿਤਾ ਨੇ ਸ਼ਹਿਰ ਵਿਚ ਵਿਕਾਸ ਨਾ ਕਰਵਾਉਣ ਦੀ ਆਪਣੀ ਵੱਡੀ ਖ਼ਾਮੀ ਨੂੰ ਲੁਕਾਉਣ ਲਈ ਸਰਕਾਰ ਨੇ ਉਲਟੀ ਪੁਲਟੀ ਵਾਰਡਬੰਦੀ ਕਰਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕੋਝੀਆਂ ਚਾਲਾਂ ਨੂੰ ਭਲੀ ਭਾਂਤ ਸਮਝਦੇ ਹਨ ਤੇ ਕਮੇਟੀ ਚੋਣਾਂ ਵਿਚ 'ਆਪ' ਨੂੰ ਨਕਾਰ ਕੇ ਲੋਕ ਸਰਕਾਰ ਨੂੰ ਸਬਕ ਪੜ੍ਹਾਉਣਗੇ |