ਹੁਸ਼ਿਆਰਪੁਰ, 6 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਮੋਗਾ ਦੇ ਅਧਿਆਪਕ ਜੋੜੇ ਜਿਸ ਨੂੰ ਚੋਣ ਡਿਊਟੀ ਦੌਰਾਨ ਜਾਨ ਗਵਾਉਣੀ ਪਈ ਸੀ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ, ਦੁਰਘਟਨਾਗ੍ਰਸਤ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਦੇ ਇਲਾਜ ਲਈ ਅਤੇ ਚੋਣਾਂ ਵਿਚ ਅਧਿਆਪਕਾਂ/ ਮੁਲਾਜ਼ਮਾਂ ਦੇ ਰਾਹਤ ਲਈ ਪੱਕੇ ਪ੍ਰਬੰਧ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਅੱਜ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੀ ਯਾਦ 'ਚ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ 'ਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ. ਟੀ. ਐਫ.), ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ), ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਅਧਿਆਪਕ ਦਲ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸਰਗਰਮ ਆਗੂਆਂ ਤੇ ਵਰਕਰਾਂ ਵਲੋਂ ਭਾਗ ਲਿਆ | ਇਸ ਮੌਕੇ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਮਨਜੀਤ ਸਿੰਘ ਦਸੂਹਾ, ਜਤਿੰਦਰ ਸੋਨੀ, ਕਮਲ ਕਿਸ਼ੋਰ, ਵਿਕਾਸ ਸ਼ਰਮਾ, ਪਿ੍ੰਸ ਕੁਮਾਰ, ਓਾਕਾਰ ਸਿੰਘ ਸੂਸ, ਸਰਬਜੀਤ ਕੰਗ ਅਤੇ ਮਨਜੀਤ ਸਿੰਘ ਕਠਾਣਾ ਆਦਿ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਅਧਿਆਪਕ ਜੋੜੇ ਦੀ ਚੋਣ ਡਿਊਟੀ ਦੌਰਾਨ ਮੌਤ ਹੋਈ ਅਤੇ ਜਿਸ ਕਾਰਨ ਉਹ ਮੰਗ ਕਰਦੇ ਹਨ ਕਿ ਸਾਥੀ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਦੇ ਪਰਿਵਾਰ ਨੂੰ ਦੋ-ਦੋ ਕਰੋੜ ਦਿੱਤੇ ਜਾਣ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇ ਤੇ ਪੜ੍ਹਾਈ ਪੂਰੀ ਕਰਨ ਉਪਰੰਤ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸੇ ਤਰ੍ਹਾਂ ਮੂਨਕ ਵਿਖੇ ਜ਼ਖਮੀ ਹੋਈ ਐਸੋਸੀਏਟ ਅਧਿਆਪਕਾ ਨੂੰ 20 ਲੱਖ ਦਾ ਮੁਆਵਜ਼ਾ ਜਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਉਹ 18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਰੈਲੀ ਕਰਨਗੇ | ਇਸ ਮੌਕੇ ਬਲਜੀਤ ਸਿੰਘ ਮਹਿਮੋਵਾਲ, ਨੰਦ ਰਾਮ, ਸਤਪਾਲ ਕਲੇਰ, ਜਗਦੀਪ ਕੁਮਾਰ, ਵਰਿੰਦਰ ਸੈਣੀ, ਬਲਜਿੰਦਰ ਸਿੰਘ ਸਹੋਤਾ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ, ਮਨਦੀਪ ਸਿੰਘ, ਗੁਰਦੇਵ ਸਿੰਘ ਲਾਲਪੁਰ, ਬਲਵੀਰ ਸਿੰਘ ਧਾਮੀ, ਹਰਵਿੰਦਰ ਸਿੰਘ, ਜਰਨੈਲ ਸਿੰਘ ਸੀਕਰੀ, ਗਗਨਦੀਪ ਸਿੰਘ, ਪ੍ਰਦੀਪ ਅਗਨੀਹੋਤਰੀ, ਸਵਰਨ ਸਿੰਘ ਭੁਪਿੰਦਰ ਪਾਲ, ਰਾਜ ਕੁਮਾਰ, ਰਣਵੀਰ ਸਿੰਘ, ਦਵਿੰਦਰ ਸਿੰਘ ਅਤੇ ਜਗਤਜੀਤ ਸਿੰਘ ਆਦਿ ਵੀ ਹਾਜ਼ਰ ਸਨ |