ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੋਕ ਸਭਾ ਦੇ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰੀ ਬਜਟ 2026-27 ਨੂੰ ਪੇਸ਼ ਕਰਨ ਦੀ ਤਾਰੀਖ਼, ਜੋ 1 ਫਰਵਰੀ ਨਿਰਧਾਰਿਤ ਕੀਤੀ ਗਈ ਹੈ, ਨੂੰ ਮੁੜ ਤੈਅ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਸੇ ਦਿਨ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ | ਡਾ. ਚੱਬੇਵਾਲ ਨੇ ਆਪਣੇ ਪੱਤਰ 'ਚ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਭਰ 'ਚ, ਵਿਸ਼ੇਸ਼ ਤੌਰ 'ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ 'ਚ ਕਰੋੜਾਂ ਸ਼ਰਧਾਲੂਆਂ ਵਲੋਂ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸੇ ਦਿਨ ਧਾਰਮਿਕ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਯੂਨੀਅਨ ਬਜਟ ਇਕ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਹੈ, ਜੋ ਦੇਸ਼ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ | ਡਾ. ਚੱਬੇਵਾਲ ਨੇ ਕਿਹਾ ਕਿ ਬਜਟ ਸੈਸ਼ਨ ਦੀ ਮਿਆਦ ਦੇ ਅੰਦਰ ਤਾਰੀਖ਼ 'ਚ ਬਦਲਾਅ ਕਰਨ ਲਈ ਕੋਈ ਸੰਵਿਧਾਨਕ ਰੁਕਾਵਟ ਨਹੀਂ ਹੈ ਅਤੇ ਪਹਿਲਾਂ ਵੀ ਵੱਖ-ਵੱਖ ਤਾਰੀਖ਼ਾਂ 'ਤੇ ਬਜਟ ਪੇਸ਼ ਕੀਤਾ ਜਾ ਚੁੱਕਾ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਲੱਖਾਂ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਸੰਬੰਧੀ ਜਲਦ ਫ਼ੈਸਲਾ ਲਵੇਗੀ |
ਡਾ. ਰਾਜ ਕੁਮਾਰ ਵਲੋਂ ਕੇਂਦਰੀ ਬਜਟ ਦੀ ਤਾਰੀਖ਼ ਮੁੜ ਤੈਅ ਕਰਨ ਦੀ ਮੰਗ
ਅਜੀਤ ਡੈਸਕ
29-01-2026