ਟਾਂਡਾ ਉੜਮੁੜ, 28 ਜਨਵਰੀ (ਕੁਲਬੀਰ ਸਿੰਘ ਗੁਰਾਇਆ)-ਪਿੰਡ ਦਬੁਰਜੀ ਵਿਖੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਨੇ 38 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਾਡੇ ਲਈ ਜ਼ਰੂਰੀ ਹਨ | ਇਸੇ ਕਰਕੇ ਹੀ ਸੂਬਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਜਿਹੀਆਂ ਅਲਾਮਤਾਂ ਤੋਂ ਦੂਰ ਕਰਨ ਅਤੇ ਖੇਡਾਂ ਨਾਲ ਜੋੜਨ ਲਈ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ | ਇਸ ਮੌਕੇ ਵਿਧਾਇਕ ਰਾਜਾ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਕੰਮ ਸਰਕਾਰ ਨੇ ਕੀਤੇ ਹਨ, ਉਹ ਪੰਜਾਬ ਵਿਚ ਲੰਬਾ ਸਮਾਂ ਰਾਜ ਕਰਕੇ ਗਈਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨਹੀਂ ਕੀਤੇ | ਉਨ੍ਹਾਂ ਹੋਰ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਕਈ ਹੋਣਹਾਰ ਖਿਡਾਰੀ ਉੱਭਰ ਕੇ ਸਾਹਮਣੇ ਆਏ ਹਨ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਰਜਿੰਦਰ ਸਿੰਘ ਮਾਰਸ਼ਲ, ਵਿਕੀ ਦਬੁਰਜੀ, ਆਪ ਆਗੂ ਕੇਸ਼ਵ ਸਿੰਘ, ਨਿਸ਼ਾਨ ਸਿੰਘ, ਸੁਖਵਿੰਦਰਜੀਤ ਸਿੰਘ ਝਾਵਰ ਆਦਿ ਤੋਂ ਇਲਾਵਾ ਹੋਰ ਵੀ ਆਪ ਵਰਕਰ ਹਾਜ਼ਰ ਸਨ |