ਹੁਸ਼ਿਆਰਪੁਰ, 5 ਫ਼ਰਵਰੀ (ਹਰਪ੍ਰੀਤ ਕੌਰ)-ਦੇਸ਼ ਅੰਦਰ ਬੱਚਿਆਂ ਦੇ ਗੁੰਮ ਹੋਣ ਸੰਬੰਧੀ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਰੌਂਗਟੇ ਖੜ੍ਹੇ ਕਰਨ ਵਾਲੇ ਡਾਟੇ ਜਿਸ ਮੁਤਾਬਿਕ ਅÏਸਤਨ ਹਰ ਰੋਜ਼ ਵੱਖ-ਵੱਖ ਪ੍ਰਦੇਸ਼ਾਂ 'ਚ 230 ਤੋਂ 250 ਤੱਕ ਬੱਚੇ ਗੁੰਮ ਹੁੰਦੇ ਹਨ ਜਿਨ੍ਹਾਂ 'ਚ 70 ਤੋਂ 75 ਪ੍ਰੀਤਸ਼ਤ ਲੜਕੀਆਂ ਦੀ ਗਿਣਤੀ ਹੈ, ਨੂੰ ਰੋਕਣ ਵਿਚ ਸਰਕਾਰਾਂ ਦੇ ਅਸਫ਼ਲ ਰਹਿਣ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖਤ ਸਬਦਾਂ ਵਿਚ ਨਿੰਦਾ ਕੀਤੀ ਹੈ | ਧੀਮਾਨ ਨੇ ਕਿਹਾ ਕਿ ਗੁੰਮ ਹੋਣ ਵਾਲੇ ਬੱਚਿਆਂ ਉਤੇ ਹੋ ਰਹੇ ਜੁਲਮ, ਉਨ੍ਹਾਂ ਤੋਂ ਜਬਰਦਸਤੀ ਕਰਵਾਏ ਜਾ ਰਹੇ ਕੰਮਾਂ, ਲੜਕੀਆਂ ਨਾਲ ਕੀਤੇ ਜਾਂਦੇ ਜਬਰ ਜਨਾਹ ਅਤੇ ਤਸਕਰੀ ਦੇ ਮਾਮਲਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਭਾਵੇਂ ਸਰਕਾਰਾਂ ਬੱਚਿਆਂ ਦੇ ਗੁੰਮ ਹੋਣ ਦੀਆਂ ਘਟਨਾਵਾਂ ਪ੍ਰਤੀ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਕੰਮ ਕਰਨ ਦੇ ਨਤੀਜੇ ਨਾਮਾਤਰ ਹਨ | ਧੀਮਾਨ ਨੇ ਦੱਸਿਆ ਕਿ ਇਕ ਰਿਪੋਰਟ ਅਨੁਸਾਰ ਇਕੱਲੇ ਦਿੱਲੀ ਵਿਚ 9 ਹਜ਼ਾਰ ਕੇਸ ਫ਼ਰਵਰੀ 2026 ਤੱਕ ਅਜਿਹੇ ਹਨ ਜੋ ਟਰੇਸ ਨਹੀਂ ਹੋਏ | ਇਸੇ ਤਰ੍ਹਾਂ 2022 ਦੀ ਰਿਪੋਰਟ ਅਨੁਸਾਰ ਕੁੱਲ 83,350 ਬੱਚੇ ਗੁੰਮ ਹੋਏ | ਇਨ੍ਹਾਂ 'ਚੋਂ 62,946 ਲੜਕੀਆਂ, 20,380 ਲੜਕੇ ਤੇ 24 ਬੱਚੇ ਕਿਨਰ ਸਨ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਬਜਟ ਵਿਚ 1500 ਕਰੋੜ ਰੁਪਏ ਇਸ ਲਈ ਰੱਖੇ ਹਨ ਪਰ ਇਹ ਨਾਮਾਤਰ ਹੈ | ਧੀਮਾਨ ਨੇ ਕਿਹਾ ਕਿ ਬੱਚਿਆਂ ਪ੍ਰਤੀ ਚੰਗੀਆਂ ਪਾਲਸੀਆਂ ਬਣਾਉਣ ਦੀ ਸਖਤ ਲੋੜ ਹੈ ਅਤੇ ਹਰ ਪਾਲਸੀ ਵਿਚ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਜਿੰਮੇਵਾਰ ਠਹਿਰਾਉਣਾ ਚਾਹੀਦਾ ਹੈ |