ਬੀਣੇਵਾਲ, 5 ਫਰਵਰੀ (ਬੈਜ ਚੌਧਰੀ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਗੜ੍ਹਸ਼ੰਕਰ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ 'ਤੇ ਵੱਡੇ ਪੱਧਰ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਬਾਰੇ ਮੌਕੇ 'ਤੇ ਹਾਜ਼ਰ ਹੋ ਕੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ 6 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੇ 649ਵਾਂ ਪ੍ਰਕਾਸ਼ ਪੁਰਬ 'ਤੇ ਸ੍ਰੀ ਖੁਰਾਲਗੜ੍ਹ ਸਾਹਿਬ ਆ ਰਹੇ ਹੋ | ਮੈਂ ਬਤੌਰ ਹਲਕਾ ਇੰਚਾਰਜ ਗੜ੍ਹਸ਼ੰਕਰ ਖੁਰਾਲਗੜ੍ਹ ਸਾਹਿਬ ਆਉਣ 'ਤੇ ਆਪ ਦਾ ਸਵਾਗਤ ਕਰਦਾ ਹਾਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਸ ਨਾਜਾਇਜ਼ ਮਾਈਨਿੰਗ ਦੀ ਤੁਸੀਂ ਅਕਸਰ ਮੁੱਖ ਮੰਤਰੀ ਬਣਨ ਤੋਂ ਪਹਿਲਾ ਗੱਲ ਕਰਦੇ ਸੀ, ਉਸ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਸ ਰਸਤੇ ਤੁਸੀਂ ਹੈਲੀ ਕਾਪਟਰ ਤੇ ਆਉਣਾ ਹੈ | ਉਸ ਰਸਤੇ ਵਿਚ ਪਿੰਡ ਖੋੜਾ ਕਲਮੋਟ ਤੋਂ ਖੁਰਾਲਗੜ੍ਹ ਸਾਹਿਬ ਕੇ ਕਾਲੇਵਾਲ ਬੀਤ ਤਕ ਡੇਢ ਕਿੱਲੋਮੀਟਰ ਵਿਚ ਵੱਡੇ ਪੱਧਰ 'ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਤੇ ਸਾਬਕਾ ਮਾਈਨਿੰਗ ਮੰਤਰੀ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਦੀ ਸਵੱਲੀ ਨਜ਼ਰ ਨਾਲ ਹੋ ਰਹੀ ਹੈ | ਲਾਲੀ ਨੇ ਮੁੱਖ ਮੰਤਰੀ ਨੂੰ ਮੌਕੇ 'ਤੇ ਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਕਸ਼ਨ ਅਤੇ ਖੁਰਾਲਗੜ੍ਹ ਸਾਹਿਬ ਲਈ ਵੱਡਾ ਪੈਕੇਜ ਦੇਣ ਦੀ ਮੰਗ ਵੀ ਕੀਤੀ ਹੈ |