ਗੜ੍ਹਸ਼ੰਕਰ, 24 ਫਰਵਰੀ (ਧਾਲੀਵਾਲ) - ਮੁਲਾਜ਼ਮ ਜਥੇਬੰਦੀ ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਪਟਿਆਲਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਇਥੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਮੁਖੀ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ | ਜਲ ਸਪਲਾਈ ਵਿਭਾਗ ਦੇ 320 ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਵਿਭਾਗ ਵਲੋਂ ਕੱਢਣ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿਰੋਧ ਅਤੇ ਹੋਰ ਮੰਗਾਂ ਨੂੰ ਲੈ ਕੇ ਜਿਵੇਂ ਵਿਭਾਗ ਨੂੰ ਪੰਚਾਇਤਾਂ ਦੇ ਹਵਾਲੇ ਕਰਨਾ, ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਵਿਭਾਗ ਵਿਚ ਹਜ਼ਾਰਾਂ ਪਈਆਂ ਖਾਲੀ ਪੋਸਟਾਂ ਦੀ ਭਰਤੀ ਨਾ ਕਰਨ, ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ 30 ਹਜ਼ਾਰ ਰੁਪਏ ਤਨਖਾਹ ਲਾਗੂ ਨਾ ਕਰਨਾ, ਦਰਜ਼ਾ ਚਾਰ ਮੁਲਾਜ਼ਮਾਂ ਨੂੰ ਪ੍ਰਮੋਟ ਨਾ ਕਰਨਾ ਤੇ ਹੋਰ ਮੰਗਾਂ ਦੇ ਰੋਸ ਵਜੋਂ 1 ਮਾਰਚ ਤੋਂ 10 ਮਾਰਚ ਤੱਕ ਪੂਰੇ ਪੰਜਾਬ ਅੰਦਰ ਮੰਡਲ ਅਤੇ ਉਪ ਮੰਡਲ ਇੰਜੀਨੀਅਰ ਦੇ ਦਫ਼ਤਰ ਅੱਗੇ ਭਰਵੀਆਂ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ | 18 ਮਾਰਚ ਨੂੰ ਸਾਰੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਜਲ ਸਪਲਾਈ ਵਿਭਾਗ ਦੇ ਮੁੱਖੀ ਦੇ ਦਫ਼ਤਰ ਮੋਹਾਲੀ ਦਾ ਘਿਰਾਓ ਕਰਨਗੇ | ਇਸ ਮੌਕੇ ਮੀਟਿੰਗ 'ਚ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਤੇ ਹੋਰ ਆਗੂ ਹਾਜ਼ਰ ਹੋਏ |