ਨੌਸ਼ਹਿਰਾ ਪੱਤਣ, 26 ਫਰਵਰੀ (ਗੁਰਜੀਤ ਸਿੰਘ ਭੰਮਰਾ)-ਮੁਕੇਰੀਆਂ ਸ਼ਹਿਰ ਤੇ ਆਲੇ ਦੁਆਲੇ ਦੇ ਇਲਾਕੇ ਅੰਦਰ ਕਰੈਸ਼ਰ ਦੀਆਂ ਓਵਰ ਲੋਡ ਗੱਡੀਆਂ (ਟਰੱਕਾਂ) ਵਾਲਿਆਂ ਨੇ ਸੜਕਾਂ 'ਤੇ ਆਪਣਾ ਆਤੰਕ ਫੈਲਾਇਆ ਹੋਇਆ ਹੈ | ਉੱਪਰੋਂ ਇਹ ਟਰੱਕ ਮਾਲਕਾਂ ਵਲੋਂ ਲਗਾਏ ਗਏ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਟਰੱਕ ਡਰਾਈਵਰ ਸ਼ਹਿਰਾਂ ਅੰਦਰ ਭੀੜ ਵਾਲੇ ਇਲਾਕੇ ਵਿਚ ਆ ਕੇ ਜਾਣਬੁੱਝ ਕੇ ਹਾਰਨ ਲਗਾਤਾਰ ਵਾਰ-ਵਾਰ ਵਜਾ ਕੇ ਆਮ ਰਾਹਗੀਰਾਂ ਨੂੰ ਡਰਾ ਕੇ ਰੋਡ ਉੱਤੇ ਦਹਿਸ਼ਤ ਪਾਈ ਜਾ ਰਹੀ ਹੈ | ਇਸ ਸਬੰਧੀ ਕੁੱਝ ਸੀਨੀਅਰ ਬੁੱਧੀਜੀਵੀ ਸੰਸਥਾਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਤੋਂ ਹੀ ਓਵਰ ਲੋਡ ਟਰੱਕਾਂ ਤੋਂ ਡਰ ਲੱਗਦਾ ਹੈ ਉੱਪਰੋਂ ਇਹ ਡਰਾਈਵਰ ਪ੍ਰੈਸ਼ਰ ਹਾਰਨ ਵਜਾ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਕਰਦੇ ਹਨ ਕਿਉਂਕਿ ਇਨ੍ਹਾਂ ਰੋਡ 'ਤੇ ਸਕੂਟਰ, ਮੋਟਰਸਾਈਕਲ ਲੈ ਕੇ ਜਾਣ ਵਾਲੇ ਬਜ਼ੁਰਗ ਔਰਤਾਂ, ਸਕੂਲਾਂ ਦੇ ਬੱਚੇ, ਰਾਹਗੀਰ ਲਈ ਭਾਰੀ ਪ੍ਰੇਸ਼ਾਨੀ ਪੈਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਦਿਲ ਦੇ ਮਰੀਜ਼ ਲਈ ਇਹ ਪ੍ਰੈਸ਼ਰ ਹਾਰਨ ਹੋਰ ਵੀ ਜ਼ਿਆਦਾ ਘਾਤਕ ਸਾਬਤ ਹੁੰਦੇ ਹਨ | ਇਸ ਸਬੰਧੀ ਬਜ਼ੁਰਗਾਂ ਤੇ ਸੰਸਥਾਵਾਂ ਨੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਘੱਟੋ ਘੱਟ ਸ਼ਹਿਰ ਅੰਦਰ ਇਨ੍ਹਾਂ ਪ੍ਰੈਸ਼ਰ ਹਾਰਨਾਂ 'ਤੇ ਰੋਕ ਲਗਾਈ ਜਾਵੇ | ਬਜ਼ੁਰਗਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਹਾਈ ਕੋਰਟ ਵਲੋਂ ਵੀ ਪ੍ਰੈਸ਼ਰ ਹਾਰਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿਚ ਕਾਮਯਾਬ ਨਹੀਂ ਹੋ ਪਾਈ ਹੈ |