ਹੁਸ਼ਿਆਰਪੁਰ, 26 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਸ਼ੁਰੂਆਤੀ ਬਾਲ ਸਿੱਖਿਆ ਨੂੰ ਮਜ਼ਬੂਤ ਅਤੇ ਗੁਣਵੱਤਾਪੂਰਨ ਬਣਾਈ ਰੱਖਣ ਦੀ ਦਿਸ਼ਾ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇੱਕ ਇਤਿਹਾਸਕ ਪਹਿਲਕਦਮੀ ਕੀਤੀ ਹੈ ਅਤੇ ਕਮਿਊਨਿਟੀ ਆਧਾਰ 'ਤੇ ਮੋਂਟੇਸਰੀ ਸਿੱਖਿਆ ਵਿਧੀ 'ਚ ਵਿਸ਼ੇਸ਼ ਸਿਖਲਾਈ ਸ਼ੁਰੂ ਕੀਤੀ ਹੈ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਪੰਜਾਬ 'ਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦੇ ਹੋਏ 16 ਫਰਵਰੀ, 2026 ਤੋਂ ਸ਼ੁਰੂ ਹੋਏ ਇਸ ਸਿਖਲਾਈ ਪ੍ਰੋਗਰਾਮ 'ਚ ਕੁੱਲ 67 ਕਰਮਚਾਰੀਆਂ ਨੂੰ ਮੋਂਟੇਸਰੀ ਵਿਧੀ 'ਚ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿਚ 50 ਸਰਕਾਰੀ ਆਂਗਣਵਾੜੀ ਅਤੇ ਪ੍ਰੀ-ਪ੍ਰਾਇਮਰੀ ਸਕੂਲ ਅਧਿਆਪਕ ਅਤੇ 17 ਸੁਪਰਵਾਈਜ਼ਰ ਸ਼ਾਮਿਲ ਹਨ | ਇਹ ਮਾਡਿਊਲਰ ਸਿਖਲਾਈ 30 ਸਤੰਬਰ, 2026 ਤੱਕ ਪੜਾਅਵਾਰ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਇਸ ਵੇਲੇ ਪਾਇਲਟ ਪ੍ਰਾਜੈਕਟ ਦੇ ਆਧਾਰ 'ਤੇ 50 ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਜਲਦ ਹੀ ਇਸ ਪ੍ਰਾਜੈਕਟ ਅਧੀਨ ਹੋਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ | ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨੇ ਇਸ ਪ੍ਰਾਜੈਕਟ ਤਹਿਤ ਚੁਣੇ ਗਏ ਆਂਗਣਵਾੜੀ ਕੇਂਦਰਾਂ ਦੇ ਵਰਕਰਾਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸੰਬੋਧਨ ਕੀਤਾ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਵਿਵੇਕ ਹਾਈ ਮੋਂਟੇਸਰੀ ਇੰਸਟੀਚਿਊਟ, ਚੰਡੀਗੜ੍ਹ ਦੁਆਰਾ ਕਰਵਾਇਆ ਜਾ ਰਿਹਾ ਹੈ, ਜੋ ਕਿ ਉੱਤਰੀ ਭਾਰਤ 'ਚ ਇੱਕੋ ਇੱਕ ਏ.ਐਮ.ਆਈ. ਨਾਲ ਸੰਬੰਧਿਤ ਸੰਸਥਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ | ਪ੍ਰਾਜੈਕਟ ਨੂੰ ਕੁਆਂਟਮ ਪੇਪਰਜ਼ ਲਿਮਟਿਡ ਦੇ ਐਮ.ਡੀ ਪਵਨ ਖੈਤਾਨ ਅਤੇ ਅਜੇਸ਼ ਗੁਪਤਾ ਵਲੋਂ ਸੀ.ਐਸ.ਆਰ ਯੋਜਨਾ ਤਹਿਤ ਸਪਾਂਸਰ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਨੇ ਸਮਾਜਿਕ ਖੇਤਰ 'ਚ ਕੁਆਂਟਮ ਪੇਪਰਜ਼ ਲਿਮਟਿਡ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਵੀ.ਐਚ.ਐਮ.ਆਈ ਦੀ ਸੰਸਥਾਪਕ ਅਤੇ ਕਾਰਜਕਾਰੀ ਡਾਇਰੈਕਟਰ ਮੀਨੂੰ ਸਾਹੀ, ਟਰੇਨਰ ਦੀਪਾ ਸ੍ਰੀ ਕੁਮਾਰ, ਨੀਲਿਮਾ, ਹੇਲੇਨ ਇਲਿਆਸ ਮੋਹਨ, ਉਮਾ ਰਮਨੀ ਨੇ ਵੀ ਸੰਬੋਧਨ ਕੀਤਾ | ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਸਿੱਖਿਆ ਦੇ ਸਰਵਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਛੱਡ ਰਹੀ ਹੈ | ਇਹੀ ਕਾਰਨ ਹੈ ਕਿ ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ | ਇਸੀ ਮਕਸਦ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਆਪਣੇ ਪ੍ਰੀ ਪ੍ਰਾਇਮਰੀ ਅਤੇ ਆਂਗਣਵਾੜੀ ਸੈਂਟਰਾਂ ਨੂੰ ਆਧੁਨਿਕ ਸਿੱਖਿਆ ਦੀ ਕੜੀ ਨਾਲ ਜੋੜਿਆ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਹਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਅਮਨਦੀਪ ਸ਼ਰਮਾ, ਸੀਡੀਪੀਓ ਰਵਿੰਦਰ ਕੌਰ, ਦਯਾ ਰਾਣੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ |