ਹੁਸ਼ਿਆਰਪੁਰ, 26 ਫਰਵਰੀ (ਬਲਜਿੰਦਰਪਾਲ ਸਿੰਘ)-ਸਥਾਨਕ ਪੁਲਿਸ ਲਾਈਨ ਵਿਖੇ ਹੁਸ਼ਿਆਰਪੁਰ ਦੀ ਸਾਈਬਰ ਸੈੱਲ ਅਤੇ ਜ਼ਿਲ੍ਹਾ ਪੁਲਿਸ ਵਲੋਂ 300 ਕੇ ਕਰੀਬ ਗੁਆਚੇ ਹੋਏ ਮੋਬਾਈਲ ਲੱਭ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਸਾਈਬਰ ਟੀਮ ਨੇ ਬੜੀ ਹੀ ਮਿਹਨਤ ਕਰਕੇ ਇਹ ਮੋਬਾਈਲ ਲੱਭ ਕੇ ਮਾਲਕਾਂ ਨੂੰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਕਿਸੇ ਦਾ ਗੁਆਚਾ ਹੋਇਆ ਮੋਬਾਈਲ ਲੱਭਣਾ ਬਹੁਤ ਔਖਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਮੋਬਾਈਲ ਗੁਆਚਦਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਾਂਝ ਕੇਂਦਰ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਟੀਮ ਵਲੋਂ ਗੁਆਚੇ ਹੋਏ ਮੋਬਾਈਲ ਨੂੰ ਲੱਭਿਆ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਜਿਹੜੇ ਮੋਬਾਈਲ ਮਿਲੇ ਹਨ ਇਹ ਮੋਬਾਈਲ ਇਕੱਲੇ ਹੁਸ਼ਿਆਰਪੁਰ ਜ਼ਿਲੇ੍ਹ ਜਾਂ ਪੰਜਾਬ ਤੋਂ ਹੀ ਨਹੀਂ ਬਲਕਿ ਦੂਜਿਆਂ ਸੂਬਿਆਂ ਜਿਵੇਂ ਯੂ.ਪੀ, ਗੁਜਰਾਤ ਜਾਂ ਹੋਰਨਾਂ ਤੋਂ ਵੀ ਬਰਾਮਦ ਕੀਤੇ ਗਏ ਹਨ | ਇਸ ਮੌਕੇ ਮੋਬਾਈਲ ਮਾਲਕਾਂ ਨੇ ਜ਼ਿਲ੍ਹਾ ਪੁਲਿਸ ਅਤੇ ਸਾਈਬਲ ਸੈੱਲ ਦਾ ਧੰਨਵਾਦ ਕੀਤਾ |