ਬੀਣੇਵਾਲ,26 ਫਰਵਰੀ (ਬੈਜ ਚੌਧਰੀ)-ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰ ਨੇ ਇੱਕ ਹੋਰ ਜਾਨ ਲੈ ਲਈ | ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਕੁ ਸਾਲਾਂ 'ਚ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰ ਹੁਣ ਤਕ 20 ਲੋਕਾਂ ਦੀ ਜਾਨ ਲੈ ਚੁੱਕੇ ਹਨ | ਬੀਤੀ ਸ਼ਾਮ ਅਚਲਪੁਰ ਦੇ ਸਾਬਕਾ ਸਰਪੰਚ ਦੀ ਕੋਟ ਵਾਲੇ ਘਾਟੇ 'ਚ ਇੱਕ ਟਿੱਪਰ ਹੇਠ ਆਉਣ ਨਾਲ ਜਾਨ ਚਲੀ ਗਈ | ਜਾਣਕਾਰੀ ਮੁਤਾਬਿਕ ਇਹ ਟਿੱਪਰ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਰਾਹੀਂ ਪੰਜਾਬ ਵਿਚ ਦਾਖਲ ਹੁੰਦੇ ਹਨ | ਹੁਣ ਸਵਾਲ ਇਹ ਹੈ ਕਿ ਆਖ਼ਰ ਇਹ ਸਿਲਸਿਲਾ ਰੁਕ ਕਿਉਂ ਨਹੀਂ ਰਿਹਾ | ਜਦ ਕਿ ਬੀਤ ਇਲਾਕੇ ਦੇ ਲੋਕ ਵਾਰ ਵਾਰ ਟਿੱਪਰਾਂ ਦਾ ਵਿਰੋਧ ਕਰਦੇ ਹਨ | ਇਸ ਵਿਚ ਟਿੱਪਰਾਂ ਦੀ ਟਾਈਮਿੰਗ ਵੀ ਇੱਕ ਕਾਰਨ ਹੈ | ਇਕੱਤਰ ਹੋਰ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਊਨਾ (ਹਿ.ਪ੍ਰ) ਦੇ ਡੀ.ਸੀ ਜਤਿਨ ਲਾਲ ਨੇ ਹੁਕਮ ਜਾਰੀ ਕਰਕੇ ਜ਼ਿਲੇ੍ਹ ਵਿਚ ਮਾਈਨਿੰਗ ਕਰਨ ਅਤੇ ਟਿੱਪਰ ਚੱਲਣ 'ਤੇ ਰਾਤ 7 ਵਜੇ ਤੋਂ ਸਵੇਰੇ 7 ਵਜੇ ਤਕ ਪਾਬੰਦੀ ਲਗਾ ਰੱਖੀ ਹੈ ਅਤੇ ਡੀ.ਸੀ ਵਲੋਂ ਪੂਰੀ ਸਖ਼ਤੀ ਨਾਲ ਹੁਕਮ ਲਾਗੂ ਕੀਤੇ ਜਾ ਰਹੇ ਹਨ | ਲਿਹਾਜ਼ਾ ਉਕਤ ਸਮੇਂ ਵਿਚ ਹੀ ਮਾਈਨਿੰਗ ਜਾਂ ਟਿੱਪਰ ਚੱਲ ਰਹੇ ਹਨ | ਦੂਜੇ ਪਾਸੇ ਪੰਜਾਬ ਵਾਲੇ ਹਿੱਸੇ ਵਿਚ ਡੀ.ਸੀ ਹੁਸ਼ਿਆਰਪੁਰ ਵਲੋਂ ਵੀ 20 ਮਾਰਚ ਤਕ ਟਿੱਪਰਾਂ ਦੇ ਚੱਲਣ ਦਾ ਸਮਾਂ ਇਸ ਤੋਂ ਬਿਲਕੁਲ ਉਲਟ ਸਵੇਰੇ 7 ਵਜੇ ਤੋਂ ਸ਼ਾਮ ਸੱਤ ਵਜੇ ਤਕ ਟਿੱਪਰਾਂ ਦੇ ਚੱਲਣ 'ਤੇ ਪਾਬੰਦੀ ਤਾਂ ਲਗਾਈ ਗਈ ਹੈ ਜੋ ਕਿ ਕਾਗ਼ਜ਼ਾਂ ਤਕ ਹੀ ਸੀਮਤ ਹੈ ਜਦ ਕਿ ਦਿਨ ਵੇਲੇ ਇਹ ਟਿੱਪਰ ਹੋਰ ਰਸਤਿਆਂ ਤੋਂ ਹੋ ਕੇ ਨੰਗਲ ਰੋਡ 'ਤੇ ਆ ਚੜ੍ਹਦੇ ਹਨ | ਇਸ ਤੋਂ ਇਲਾਵਾ ਦੋਵਾਂ ਰਾਜਾਂ ਦੀ ਸਮਾਂ ਸਾਰਣੀ ਨੂੰ ਲੈ ਕੇ ਮਾਈਨਿੰਗ ਮਾਫ਼ੀਆ ਵੀ ਇਲਾਕੇ ਦੇ ਪਿੰਡਾਂ ਦੇ ਜੰਗਲਾਂ 'ਚ ਮਾਈਨਿੰਗ ਸਮੱਗਰੀ ਸਟੋਰ ਕਰਨ ਲਈ ਕਰੀਬ ਇਕ ਦਰਜਨ ਡੰਪ ਸਟੇਸ਼ਨ ਬਣਾ ਲਏ ਹਨ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹਨ ਪਰ ਕਿਉਂ ਕਿ ਦਫ਼ਾ 4 ਵਿਚ (ਜੰਗਲੀ ਰਕਬੇ ਵਿਚ) ਡੰਪ ਲਗਾਏ ਹੀ ਨਹੀਂ ਜਾ ਸਕਦੇ ਨਾ ਹੀ ਕੋਈ ਵਿਭਾਗ ਮਨਜ਼ੂਰੀ ਹੀ ਦੇ ਸਕਦਾ ਹੈ | ਹੁਣ ਸਵਾਲ ਇਹ ਉੱਠਦਾ ਹੈ ਕਿ ਜਦ ਟਿੱਪਰਾਂ ਦਾ ਸਮਾਂ ਗੜ੍ਹਸ਼ੰਕਰ ਤੋਂ ਚੱਲਣ ਦਾ 7 ਵਜੇ ਹੈ ਤਾਂ ਇਹ ਟਿੱਪਰ (ਜਿਸ ਦੇ ਪਿੱਛੇ 20 ਟਿੱਪਰ ਹੋਰ ਜਾ ਰਹੇ ਸਨ) ਸਾਢੇ 6 ਵਜੇ ਘਾਟੇ ਵਿਚ ਕਿਵੇਂ ਆ ਗਿਆ.ਜਦ ਕਿ ਗੜ੍ਹਸ਼ੰਕਰ ਤੋਂ ਘਾਟੇ ਤਕ ਆਉਣ ਲਈ ਟਿੱਪਰ ਨੂੰ 20 ਤੋਂ 25 ਮਿੰਟ ਲੱਗਦੇ ਹਨ | ਮਤਲਬ ਸਾਫ਼ ਹੈ ਕਿ ਇਹ ਟਿੱਪਰ ਗੜ੍ਹਸ਼ੰਕਰ ਤੋਂ 6 ਵਜੇ ਚੱਲ ਪਏ ਹੋਣਗੇ ਪਰ ਹੁਣ ਸਵਾਲ ਹੈ ਕਿ ਨੰਗਲ ਚੌਕ 'ਚ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਟਿੱਪਰਾਂ ਨੂੰ ਕਿਉਂ ਨਹੀਂ ਰੋਕਿਆ | ਕੀ ਉਨ੍ਹਾਂ ਮੁਲਾਜ਼ਮਾਂ ਨਾਲ ਟਿੱਪਰਾਂ ਵਾਲਿਆਂ ਦੀ ਕੋਈ ਕਿਸੇ ਕਿਸਮ ਦੀ ਸਾਂਝ ਹੈ | ਬੀਤ ਇਲਾਕੇ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਅਵਤਾਰ ਸਿੰਘ ਸਰਪੰਚ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ, ਅਜੈਬ ਸਿੰਘ ਬੋਪਾਰਾਏ, ਜਗਦੇਵ ਸਿੰਘ ਮਾਨਸੋਵਾਲ, ਅਮਨਦੀਪ ਚੇਚੀ ਬੀਣੇਵਾਲ, ਅਵਤਾਰ ਫ਼ੌਜੀ, ਧੀਰਜ ਕੁਮਾਰ ਸਾਬਕਾ ਸਰਪੰਚ,ਬਿੱਲਾ ਕੰਬਾਲਾ,ਅਲੋਕ ਰਾਣਾ ਨੇ ਡੀ ਸੀ ਹੁਸ਼ਿਆਰਪੁਰ ਤੋਂ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ