ਬੀਣੇਵਾਲ, 26 ਫਰਵਰੀ (ਬੈਜ ਚੌਧਰੀ)-ਇਕ ਪਾਸੇ ਟਿੱਪਰ ਹੇਠ ਆਉਣ ਨਾਲ ਮੌਤ ਦੇ ਮੂੰਹ 'ਚ ਗਏ ਸਾਬਕਾ ਸਰਪੰਚ ਚੂਹੜ ਸਿੰਘ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ | ਦੂਜੇ ਪਾਸੇ ਸਮਾਂ ਸਾਰਿਣੀ ਦੀ ਉਲੰਘਣਾ ਕਰਨ ਵਾਲੇ ਟਿੱਪਰ ਨੇ ਇੱਕ ਕਾਰ ਨੂੰ ਅੰਡਾ ਝੁੰਗੀਆਂ ਵਿਚ ਟੱਕਰ ਮਾਰ ਦਿੱਤੀ | ਕਾਰ 'ਚ ਮਜਾਰੀ ਦਾ ਆਕਾਸ਼ ਰਾਣਾ ਪਰਿਵਾਰ ਨਲ ਪਿੰਡ ਨੂੰ ਜਾ ਰਿਹਾ ਸੀ | ਟੱਕਰ ਮਾਰਨ ਤੋਂ ਬਾਅਦ ਟਿੱਪਰ ਨੰਬਰ ਪੀ ਬੀ 07 ਸੀ.ਐਫ 3969 ਦਾ ਡਰਾਈਵਰ ਟਿੱਪਰ ਭਜਾ ਕੇ ਲੈ ਗਿਆ | ਕੁਝ ਨੌਜਵਾਨਾਂ ਵਲੋਂ ਟਿੱਪਰ ਨੂੰ ਅੱਡਾ ਡੱਲੇਵਾਲ ਨੇੜੇ ਘੇਰ ਲਿਆ | ਡਰਾਈਵਰ ਨੇ ਅੰਦਰੋਂ ਕੁੰਡੀ ਲਗਾ ਲਈ | ਲੋਕਾਂ ਦੇ ਕਹਿਣ 'ਤੇ ਵੀ ਅੰਦਰ ਹੀ ਬੈਠਾ ਰਿਹਾ | ਇਨੇ ਨੂੰ ਚੁਹੜ ਸਿੰਘ ਦੇ ਸੰਸਕਾਰ ਤੋਂ ਪਰਤ ਰਹੇ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ, ਉਨ੍ਹਾਂ ਦੇ ਵਾਰ ਵਾਰ ਕਹਿਣ 'ਤੇ ਵੀ ਡਰਾਈਵਰ ਨੇ ਅੰਦਰੋਂ ਕੁੰਡੀ ਨਹੀਂ ਖੋਲ੍ਹੀ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਲਾਲੀ ਨੇ ਕਿਹਾ ਕਿ ਅਜੇ ਚੂਹੜ ਸਿੰਘ ਦਾ ਸਿਵਾ ਬਲ ਰਿਹਾ ਹੈ ਤਾਂ ਡੀ.ਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਦਿਨੇ ਟਿੱਪਰ ਦੌੜ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਐਕਸ਼ਨ ਦੀ ਮੰਗ ਕੀਤੀ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਏ.ਐਸ.ਆਈ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਟਿੱਪਰਾਂ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ | ਖਬਰ ਲਿੱਖੇ ਜਾਣ ਤਕ ਲੋਕਾਂ ਵਲੋਂ ਟਿੱਪਰ ਰੋਕੇ ਹੋਏ ਸਨ |