ਰਾਮਗੜ੍ਹ ਸੀਕਰੀ, 6 ਮਾਰਚ (ਕਟੋਚ)-ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਭਾਰਤ ਵਿਚ ਨਾਬਾਲਗ ਬੱਚਿਆਂ ਵਲੋਂ ਵਾਹਨ ਚਲਾਏ ਜਾਂਦੇ ਹਨ ਅਤੇ ਦੇਸ਼ ਵਿਚ ਪ੍ਰਤੀ ਦਿਨ 26 ਬੱਚੇ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ | ਭਾਰਤ ਵਿਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਤੇ ਕਾਨੂੰਨ ਤਾਂ ਬਣਿਆ ਹੈ, ਪਰ ਅਫ਼ਸੋਸ ਇਸ ਗਲ ਦਾ ਹੈ ਇਸ ਕਾਨੂੰਨ ਅਧੀਨ ਕਿੰਨਾ ਕੁ ਅਮਲ ਹੋਇਆ ਹੈ | ਉਕਤ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪਿ੍ੰਸੀਪਲ ਧੀਰਜ ਵਸ਼ਿਸ਼ਟ ਨੇ ਕਿਹਾ ਕਿ ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਤੇ ਅਕਸਰ ਮਾਤਾ ਪਿਤਾ ਦੀਆਂ ਦਲੀਲਾਂ ਹੁੰਦੀਆਂ ਹਨ ਕਿ ਦੂਰ ਦੂਰ ਸਕੂਲ ਅਤੇ ਕੋਚਿੰਗ ਛੱਡਣ ਲਿਆਉਣ ਦੀਆਂ ਦਿੱਕਤਾਂ ਦੇ ਕਾਰਨ ਬੱਚਿਆਂ ਨੂੰ ਵਾਹਨ ਦਿੱਤੇ ਜਾਂਦੇ ਹਨ ਜੋ ਕਿ ਤਰਕਹੀਣ ਹੈ | ਉਨ੍ਹਾਂ ਕਿਹਾ ਕਿ ਜੇਕਰ ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਤੇ ਨੱਥ ਪਾਉਣੀ ਹੈ ਤਾਂ ਕੇਂਦਰ ਤੇ ਰਾਜ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣਾ ਪਵੇਗਾ | ਸ੍ਰੀ ਧੀਰਜ ਵਸ਼ਿਸ਼ਟ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਇਹ ਨਿਯਮ ਲਾਗੂ ਕਰਨ ਕਿ ਦੇਸ਼ ਭਰ ਦੇ ਸਾਰੇ ਪੈਟਰੋਲ ਪੰਪਾਂ ਤੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਨੌਜਵਾਨ ਨੂੰ ਪੈਟਰੋਲ ਡੀਜ਼ਲ ਨਾ ਦਿੱਤਾ ਜਾਵੇ | ਜੇਕਰ ਇਸ ਦਾ ਸਾਰੇ ਇਮਾਨਦਾਰੀ ਨਾਲ ਪਾਲਨ ਕਰਨ ਤਾਂ ਦੇਸ਼ ਭਰ ਵਿਚ ਬਹੁਤ ਘੱਟ ਨਾਬਾਲਗ ਬੱਚੇ ਸੜਕ ਦੁਰਘਟਨਾ ਦੇ ਸ਼ਿਕਾਰ ਹੋਣਗੇ |