ਗੜ੍ਹਸ਼ੰਕਰ, 6 ਮਾਰਚ (ਧਾਲੀਵਾਲ)-ਹੋਲੇ-ਮਹੱਲੇ ਦੇ ਕੌਮੀ ਤਿਉਹਾਰ ਮੌਕੇ ਗੁਰਦੁਆਰਾ ਗੁਰ ਅਕਾਲ ਸਾਹਿਬ ਅਲੀਵਾਲ ਮੋੜ ਅਜਨਾਲਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਸੰਤ ਬਾਬਾ ਸਤਨਾਮ ਸਿੰਘ ਦੀ ਪ੍ਰੇਰਨਾ ਸਦਕਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਈ ਗਈ 37ਵੀਂ ਪੈਦਲ ਯਾਤਰਾ ਦਾ ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਗੋਂ ਵਿਖੇ ਜੈਕਾਰਿਆਂ ਦੀ ਗੰੂਜ 'ਚ ਭਰਵਾਂ ਸਵਾਗਤ ਕੀਤਾ ਗਿਆ | ਗੁਰਦੁਆਰਾ ਸਾਹਿਬ ਵਿਖੇ ਯਾਤਰਾ ਦੇ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਜੁਝਾਰ ਸਿੰਘ ਤੇ ਪਿੰਡ ਵਾਸੀ ਸੰਗਤਾਂ ਵਲੋਂ ਪੰਜਾਂ ਪਿਆਰਿਆਂ ਦਾ ਸਿਰੋਪਾਉ ਨਾਲ ਸਨਮਾਨ ਕਰਦਿਆਂ ਯਾਤਰਾ ਦਾ ਸਵਾਗਤ ਲਈ ਜੈਕਾਰੇ ਛੱਡੇ ਗਏ | ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਪੜਾਅ ਲਈ ਰੁਕੀ ਯਾਤਰਾ ਦੌਰਾਨ ਯਾਤਰਾ ਦੇ ਪ੍ਰਬੰਧਕ ਭਾਈ ਕੁਲਵੰਤ ਸਿੰਘ ਵਲੋਂ ਰਾਤ ਦੇ ਦੀਵਾਨ 'ਚ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਦੇ ਹੋਏ ਯਾਤਰਾ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ ਗਈ | ਸਵਾਗਤ ਮੌਕੇ ਪ੍ਰਧਾਨ ਗਿਆਨੀ ਜੁਝਾਰ ਸਿੰਘ, ਜਗਵਿੰਦਰ ਸਿੰਘ ਸਹੋਤਾ, ਨੰਬਰਦਾਰ ਸੁਰਜੀਤ ਸਿੰਘ, ਪਰਮਜੀਤ ਸਿੰਘ ਪਨੇਸਰ, ਜਰਨੈਲ ਸਿੰਘ ਸੰਧੂ, ਕਸ਼ਮੀਰ ਸਿੰਘ ਚੌਹਾਨ, ਰਣਜੀਤ ਸਿੰਘ ਸਹੋਤਾ ਤੇ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ |