ਨਸਰਾਲਾ, 6 ਮਾਰਚ (ਸਤਵੰਤ ਸਿੰਘ ਥਿਆੜਾ)-ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਰਜੇਸ਼ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਕੁਲਵਿੰਦਰ ਸਿੰਘ, ਸਿਪਾਹੀ ਸੁਭਾਸ਼ ਚੰਦਰ ਤੇ ਪੀ. ਐੱਚ. ਜੀ. ਹਰਵਿੰਦਰ ਸਿੰਘ ਗੱਡੀ 'ਚ ਗਗਨੌਲੀ ਵੱਲ ਗਸ਼ਤ-ਬਾ-ਚੈਕਿੰਗ 'ਤੇ ਸੀ ਤਾਂ ਅੱਗੋਂ ਦੋ ਵਿਅਕਤੀ ਪੈਦਲ ਆ ਰਹੇ ਸੀ | ਪੁਲਿਸ ਨੂੰ ਦੇਖ ਕੇ ਉਨ੍ਹਾਂ ਆਪਣੀਆਂ ਜੇਬਾਂ ਵਿਚੋਂ ਲਿਫ਼ਾਫ਼ੇ ਸੱੁਟ ਦਿੱਤੇ, ਪਰ ਸ਼ੱਕ ਪੈਣ 'ਤੇ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ | ਇਨ੍ਹਾਂ ਵਿਅਕਤੀਆਂ ਕੋਲਾੋ 79 ਨਸ਼ੀਲੀਆਂ ਗੋਲੀਆਂ ਫੜ੍ਹੀਆਂ ਗਈਆਂ | ਫੜੇ ਗਏ ਵਿਅਕਤੀਆਂ ਦੀ ਪਹਿਚਾਣ ਆਰੀਅਨ ਉਰਫ਼ ਅਬੀ ਪੁੱਤਰ ਰਾਜਪਾਲ ਵਾਸੀ ਲੇਸਰੀਵਾਲ ਥਾਣਾ ਆਦਮਪੁਰ, ਜਲੰਧਰ ਤੇ ਵਿਵੇਕ ਕੁਮਾਰ ਉਰਫ਼ ਬੀਨੂੰ ਪੁੱਤਰ ਹਰੀ ਸਿੰਘ ਵਾਸੀ ਆਦਮਪੁਰ (ਜਲੰਧਰ) ਵਜੋਂ ਹੋਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |