ਹੁਸ਼ਿਆਰਪੁਰ, 6 ਮਾਰਚ (ਹਰਪ੍ਰੀਤ ਕੌਰ)-ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਚਾਇਤ ਸੰਮਤੀਆਂ ਪੇਂਡੂ ਵਿਕਾਸ ਵਿੱਚ ਇੱਕ ਮਜ਼ਬੂਤ ਕੜੀ ਹਨ ਅਤੇ ਇਨ੍ਹਾਂ ਸੰਸਥਾਵਾਂ ਰਾਹੀਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਗਤੀ ਮਿਲਦੀ ਹੈ | ਉਹ ਹਾਲ ਹੀ ਵਿਚ ਬਲਾਕ ਮਾਹਿਲਪੁਰ ਅਤੇ ਬਲਾਕ ਹੁਸ਼ਿਆਰਪੁਰ-2 ਵਿੱਚ ਹੋਈ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਨੇ ਨਵੇਂ ਚੁਣੇ ਗਏ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ | ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿਚ ਬਲਾਕ ਮਾਹਿਲਪੁਰ ਵਿਚ ਹੋਏ ਇਕ ਸਮਾਰੋਹ ਦੌਰਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉੱਥੇ ਬਲਾਕ ਹੁਸ਼ਿਆਰਪੁਰ-2 ਵਿਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿਚ ਵੀ ਉਨ੍ਹਾਂ ਨੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੱਤੀ | ਬਲਾਕ ਹੁਸ਼ਿਆਰਪੁਰ-2 ਪੰਚਾਇਤ ਸੰਮਤੀ ਲਈ ਕੁਲਵਿੰਦਰ ਕੌਰ (ਚੱਬੇਵਾਲ ਹਲਕਾ) ਨੂੰ ਚੇਅਰਮੈਨ ਅਤੇ ਹਰਦੀਪ ਕੌਰ (ਹੁਸ਼ਿਆਰਪੁਰ ਹਲਕਾ) ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਇਸੇ ਤਰ੍ਹਾਂ ਬਲਾਕ ਮਾਹਿਲਪੁਰ ਪੰਚਾਇਤ ਸੰਮਤੀ ਲਈ ਰਣਜੀਤ ਕੌਰ (ਚੱਬੇਵਾਲ ਹਲਕਾ) ਨੂੰ ਚੇਅਰਮੈਨ ਤੇ ਨਵਪ੍ਰੀਤ ਕੌਰ (ਗੜ੍ਹਸ਼ੰਕਰ ਹਲਕਾ) ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਜਨਤਾ ਦੀਆਂ ਉਮੀਦਾਂ 'ਤੇ ਖਰੇ ਉਤਰਦੇ ਹੋਏ ਪਾਰਦਰਸ਼ਤਾ ਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ | ਵਿਧਾਇਕ ਨੇ ਸਾਰੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਆਪਸੀ ਸਹਿਯੋਗ ਤੇ ਤਾਲਮੇਲ ਨਾਲ ਕੰਮ ਕਰਨ ਅਤੇ ਹਲਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ |