ਹੁਸ਼ਿਆਰਪੁਰ, 6 ਮਾਰਚ (ਹਰਪ੍ਰੀਤ ਕੌਰ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਅੰਮਿ੍ਤਸਰ ਲਈ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਸੂਬਾ ਸਕੱਤਰ ਤੇ ਦੋਆਬਾ ਜ਼ੋਨ ਇੰਚਾਰਜ ਤਰੁਣ ਅਰੋੜਾ ਨੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਬਜ਼ੁਰਗ ਨਾਗਰਿਕਾਂ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਤੇ ਅਧਿਆਤਮਿਕ ਬੰਧਨ ਨੂੰ ਵੀ ਮਜ਼ਬੂਤ ਕਰਦੀ ਹੈ | ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਠਹਿਰਣ, ਭੋਜਨ ਅਤੇ ਆਵਾਜਾਈ ਦੀ ਪੂਰੀ ਵਿਆਵਸਥਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਹਿਲੇ ਦਿਨ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ | ਦੂਜੇ ਦਿਨ ਪਾਰਟੀਸ਼ਨ ਮਿਊਜ਼ੀਅਮ, ਜੱਲਿਆਂਵਾਲਾ ਬਾਗ ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਰਸ਼ਨ ਅਤੇ ਲੰਗਰ ਸੇਵਾ ਦਾ ਮੌਕਾ ਮਿਲੇਗਾ | ਇਸ ਤੋਂ ਇਲਾਵਾ ਵਾਘਾ ਬਾਰਡਰ 'ਤੇ ਬੀਟਿੰਗ ਰਿਟਰੀਟ ਸਮਾਰੋਹ ਵੀ ਵਿਖਾਇਆ ਜਾਵੇਗਾ | ਤੀਜੇ ਦਿਨ ਭਗਵਾਨ ਵਾਲਮੀਕ ਜੀ ਤੀਰਥ ਸਥਲ ਦੇ ਦਰਸ਼ਨ ਕਰਨ ਤੋਂ ਬਾਅਦ ਯਾਤਰੀਆਂ ਦੀ ਵਾਪਸੀ ਹੋਵੇਗੀ | ਇਸ ਮੌਕੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸ਼ਰਮਾ, ਹਲਕਾ ਸੰਗਠਨ ਇੰਚਾਰਜ ਅਮਰਜੋਤ ਸੈਣੀ, ਕੁਲਵਿੰਦਰ ਸਿੰਘ ਹੁੰਦਲ, ਵਰਿੰਦਰ ਦੱਤ, ਕੌਂਸਲਰ ਰਾਜੇਸ਼ਵਰ ਦਿਆਲ ਬੱਬੀ, ਪ੍ਰਯਾਗਦੀਪ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |