ਗੜ੍ਹਦੀਵਾਲਾ, 6 ਮਾਰਚ (ਚੱਗਰ)-ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਦੇਸ਼-ਵਿਦੇਸ਼ ਦੀਆ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਨਜ਼ਦੀਕ 24, 25 ਤੇ 26 ਮਾਰਚ ਨੂੰ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਰਵਾਏ ਜਾ ਰਹੇ ਤਿੰਨ ਦਿਨਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਸਬੰਧੀ ਤਿਆਰੀਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸੰਗਤਾਂ ਦੇ ਮਨਾਂ ਅੰਦਰ ਇਸ ਸਮਾਗਮ ਸੰਬੰਧੀ ਭਾਰੀ ਉਤਸ਼ਾਹ ਹੈ | ਇਸ ਸੰਬੰਧੀ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਮਾਗਮ ਦੀ ਆਰੰਭਤਾ ਹੋਵੇਗੀ ਅਤੇ ਰੋਜ਼ਾਨਾ ਸ਼ਾਮ 7 ਵਜੇ ਤੋ 10 ਵਜੇ ਤੱਕ ਨਿਰੰਤਰ ਸਮਾਗਮ ਚੱਲਣਗੇ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਸਫਲਤਾ ਲਈ ਉਕਤ ਸਥਾਨ 'ਤੇ ਰੰਗ-ਬਰੰਗਾ ਵਿਸ਼ਾਲ ਪੰਡਾਲ ਲਗਾਇਆ ਜਾਵੇਗਾ ਅਤੇ ਲੱਖਾਂ ਦੀ ਗਿਣਤੀ 'ਚ ਆਉਣ ਵਾਲੀਆਂ ਸੰਗਤਾਂ ਦੀ ਹਰ ਪ੍ਰਕਾਰ ਦੀ ਸੇਵਾ ਅਤੇ ਖ਼ਾਸ ਕਰਕੇ ਰਾਤ ਰਹਿਣ ਵਾਲੇ ਸੇਵਾਦਾਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਮਾਗਮ ਦੇ ਅਖੀਰਲੇ ਦਿਨ 26 ਮਾਰਚ ਨੂੰ ਸ਼ਾਮ 5 ਵਜੇ ਭਾਰੀ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਉਪਰੰਤ ਦੇਰ ਰਾਤ ਸਮਾਗਮ ਦੀ ਸਮਾਪਤੀ ਹੋਵੇਗੀ ਜਦ ਕਿ ਗੁਰੂ ਮਾਨਿਓ ਗ੍ਰੰਥ ਚੇਤਨਾ ਸੁਸਾਇਟੀ ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਪੰਜਾਬ ਦੀਆਂ ਵੱਖ-ਵੱਖ ਸੇਵਾ ਸੁਸਾਇਟੀਆਂ ਤੇ ਸੰਸਥਾਵਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਸ ਦੀ ਸਫਲਤਾ ਸਮਾਗਮ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ |