ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਡਾ. ਮਨਦੀਪ ਕਮਲ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਆਤ ਬਾਹਰਾ ਯੂਨੀਵਰਸਿਟੀ ਆਫ਼ ਮੈਡੀਕਲ ਲੈਬ ਸਾਇੰਸਿਜ਼, ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਮੈਡੀਕਲ ਲੈਬ ਸਾਇੰਸਿਜ਼ ਵਿਭਾਗ ਦੇ ਡੀਨ ਡਾ. ਅਤੁਲ ਖਜੂਰੀਆ ਤੇ ਐੱਚ. ਓ. ਡੀ. ਡਾ. ਸੁਖਮੀਤ ਕੌਰ ਬੇਦੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਗਾਇਨੀ ਮਾਹਿਰ ਡਾ. ਪਰਵਾਜ਼, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਮਹਿਲਾਵਾਂ ਦੀ ਸਿਹਤ, ਸੁਰੱਖਿਆ ਤੇ ਸਸ਼ਕਤੀਕਰਨ ਸਬੰਧੀ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਡਾ. ਰਣਜੀਤ ਸਿੰਘ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਸਰਕਾਰ ਵੱਲੋਂ ਕਈ ਮਹੱਤਵਪੂਰਨ ਕਾਨੂੰਨ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਤਹਿਤ ਸਕੈਨ ਸੈਂਟਰਾਂ ਦੀ ਸਖ਼ਤ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜਨਮ ਤੋਂ ਪਹਿਲਾਂ ਲਿੰਗ ਨਿਰਧਾਰਨ ਟੈੱਸਟ ਕਰਨਾ ਜਾਂ ਕਰਵਾਉਣਾ ਕਾਨੂੰਨੀ ਅਪਰਾਧ ਹੈ | ਡਾ. ਪਰਵਾਜ਼ ਨੇ ਕਿਹਾ ਕਿ ਮਹਿਲਾਵਾਂ ਅਤੇ ਕਿਸ਼ੋਰੀਆਂ ਵਿਚ ਅਨੀਮੀਆ (ਖ਼ੂਨ ਦੀ ਕਮੀ) ਇੱਕ ਆਮ ਸਮੱਸਿਆ ਹੈ, ਜਿਸ ਤੋਂ ਬਚਾਅ ਲਈ ਸੰਤੁਲਿਤ ਖ਼ੁਰਾਕ, ਹਰੀ ਸਬਜ਼ੀਆਂ, ਦਾਲਾਂ ਅਤੇ ਆਇਰਨ-ਫੋਲਿਕ ਐਸਿਡ ਗੋਲੀਆਂ ਦਾ ਸੇਵਨ ਜ਼ਰੂਰੀ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਨੇ ਕਿਹਾ ਕਿ ਅੱਜ ਮਹਿਲਾਵਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਵਿਚ ਬਰਾਬਰੀ ਦੇ ਹੱਕ ਮਿਲੇ ਹਨ, ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਉਹ ਅਜੇ ਵੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮਹਿਲਾ ਸ਼ਖ਼ਸੀਅਤਾਂ ਦੀਆਂ ਉਪਲਬਧੀਆਂ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਟਾਫ਼ ਮੈਂਬਰ ਮਿਸ ਪੂਜਾ ਸਮਿਆਲ, ਮਿਸ ਅਦਿਤੀ, ਮਿਸ ਹਮੈਰਾ, ਡਾ. ਕਿ੍ਤੀ ਸ਼ਰਮਾ ਤੇ ਮਿਸ ਬਿਲਕੀਸ ਵੀ ਹਾਜ਼ਰ ਰਹੇ |