ਹਾਜੀਪੁਰ, 9 ਮਾਰਚ (ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਵਿਰੋਧ ਵਿਚ ਕਾਂਗਰਸ ਵਲੋਂ ਛੇੜੀ ਗਈ ਮੁਹਿੰਮ ਯੁੱਧ ਲੁਟੇਰਿਆਂ ਵਿਰੁੱਧ ਤਹਿਤ ਹਾਜੀਪੁਰ ਟੀ-ਪੁਆਇੰਟ 'ਤੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਵੱਡਾ ਇਕੱਠ ਕਰਕੇ ਜਿੱਥੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਗਿਆ, ਉੱਥੇ ਹੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਜਲਦ ਹੀ ਹਲਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਬੰਦ ਨਾ ਕਰਵਾਈ ਗਈ ਤਾਂ ਹਲਕਾ ਵਾਸੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਣਗੇ | ਇਸ ਮੌਕੇ ਸਰਬਜੋਤ ਸਾਬੀ ਅਤੇ ਤਰਸੇਮ ਮਿਨਹਾਸ ਨੇ ਕਿਹਾ ਕਿ ਸੁੱਤੀ ਪਈ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਲਈ 14 ਮਾਰਚ ਨੂੰ ਸਮੂਹ ਹਲਕਾ ਵਾਸੀਆਂ ਨੂੰ ਨਾਲ ਲੈ ਕੇ ਟੁੱਟੀਆਂ ਹੋਈਆਂ ਸੜਕਾਂ ਵਾਲੀਆਂ ਥਾਵਾਂ ਉੱਪਰ ਜਾ ਕੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਹ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਮੁਕੇਰੀਆਂ ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਬੰਦ ਨਹੀਂ ਹੋ ਜਾਂਦੀ | ਸਰਬਜੋਤ ਸਿੰਘ ਸਾਬੀ ਅਤੇ ਤਰਸੇਮ ਮਿਨਹਾਸ ਨੇ ਕਿਹਾ ਕਿ ਇਕ ਪਾਸੇ ਮਾਈਨਿੰਗ ਮਾਫ਼ੀਆ ਵਲੋਂ ਸਰਕਾਰੀ ਸ਼ਹਿ 'ਤੇ ਹਲਕੇ ਦੇ ਕੁਦਰਤੀ ਸਾਧਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਦੂਜਾ ਇਸ ਲੁੱਟ ਦੇ ਕਾਰਨ ਚੱਲਣ ਵਾਲੇ ਓਵਰਲੋਡ ਵਾਹਨਾਂ ਨੇ ਹਲਕੇ ਦੀਆਂ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਜਿਸ ਕਾਰਨ ਹਲਕਾ ਵਾਸੀਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਹਲਕਾ ਮੁਕੇਰੀਆਂ ਨੂੰ ਸਰਕਾਰ ਨੇ ਮਾਈਨਿੰਗ ਮਾਫ਼ੀਆ ਹਵਾਲੇ ਕਰ ਛੱਡਿਆ ਹੈ ਉੱਥੇ ਦੂਜੇ ਪਾਸੇ ਹਲਕੇ ਅੰਦਰ ਵਿਕਾਸ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ | ਸਰਬਜੋਤ ਸਾਬੀ ਨੇ ਕਿਹਾ ਕਿ ਨਾ ਤਾਂ ਆਪ ਦੇ ਨੁਮਾਇੰਦੇ ਹਲਕੇ ਲਈ ਕੋਈ ਵਿਕਾਸ ਦਾ ਪ੍ਰੋਜੈਕਟ ਲਿਆ ਸਕੇ ਹਨ ਤੇ ਨਾ ਹੀ ਭਾਜਪਾ ਦੇ ਵਿਧਾਇਕ ਕੇਂਦਰ ਸਰਕਾਰ ਤੋਂ ਹਲਕਾ ਵਾਸੀਆਂ ਲਈ ਕੁੱਝ ਲਿਆ ਸਕੇ ਜਿਸ ਕਾਰਨ ਹਲਕਾ ਵਾਸੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ | ਇਸ ਮੌਕੇ ਤਰਸੇਮ ਮਿਨਹਾਸ, ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਨਿਲ ਠਾਕੁਰ, ਸਚਿਨ ਸਮਿਆਲ ਐਮ.ਸੀ., ਰਣਜੋਧ ਸਿੰਘ ਕੁੱਕੂ ਐਮ.ਸੀ., ਕਮਲ ਖੋਸਲਾ, ਸ਼ਮਸ਼ੇਰ ਸਿੰਘ ਸ਼ੇਰਾ ਐੱਮ.ਸੀ., ਕੁਲਭੂਸ਼ਣ ਸੋਹਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਸ਼ਵਨੀ ਕੁਮਾਰ ਐਮ.ਸੀ., ਬਲਦੇਵ ਸਿੰਘ ਕੌਲਪੁਰ, ਤਜਿੰਦਰਪਾਲ ਸਿੰਘ ਸਰਪੰਚ, ਲੱਖੀ ਰੰਧਾਵਾ,ਬਲਵੀਰ ਸਿੰਘ ਟੀਟਾ, ਰਵਿੰਦਰ ਸਿੰਘ, ਪਿ੍ੰਸ, ਹਰਦੀਪ ਸਿੰਘ ਸਾਬੀ, ਰਸ਼ਪਾਲ ਸਿੰਘ ਰੰਗਾ,ਠਾਕੁਰ ਗੰਧਰਵ ਸਿੰਘ ਮੈਂਬਰ ਬਲਾਕ ਸੰਮਤੀ, ਸ਼ੁਭਮ ਸੋਹਲ, ਠਾਕੁਰ ਨਿਰਦੇਵ ਸਿੰਘ ਕਰਾਰੀ, ਰਾਕੇਸ਼ ਕੁਮਾਰ ਭਟੋਲੀ ਮੈਂਬਰ ਬਲਾਕ ਸੰਮਤੀ, ਅਸ਼ੋਕ ਕੁਮਾਰ ਸਰਪੰਚ ਸਰਿਆਣਾ ਤੇ ਵੱਡੀ ਗਿਣਤੀ ਵਿਚ ਹਲਕਾ ਵਾਸੀ ਤੇ ਕਾਂਗਰਸੀ ਵਰਕਰ ਮੌਜੂਦ ਸਨ |