ਮੁਕੇਰੀਆਂ, 27 ਮਾਰਚ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ (ਐੱਸ. ਪੀ. ਐੱਨ. ਕਾਲਜ) ਦੀਆਂ ਵਿਦਿਆਰਥਣਾਂ ਨੇ ਐੱਮ. ਐੱਸ. ਸੀ. (ਗਣਿਤ) ਤੀਜੇ ਸਮੈਸਟਰ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਮਾਣ ਵਧਾਇਆ ਤੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਵੀ ਉੱਚ ਸਥਾਨ ਹਾਸਲ ਕੀਤੇ | ਇਸ ਪ੍ਰੀਖਿਆ ਵਿਚ ਵੰਸ਼ਿਕਾ ਠਾਕੁਰ ਨੇ 88.8 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ, ਰੌਸ਼ਨੀ ਨੇ 88.6 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਅਤੇ ਕਾਲਜ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਰਮਨਦੀਪ ਕੌਰ ਨੇ 86.4 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਵਿਚ ਪੰਜਵਾਂ ਤੇ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਨਿਰੰਤਰ ਮਿਹਨਤ ਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ | ਗਣਿਤ ਵਿਭਾਗ ਦੇ ਮੁਖੀ ਪ੍ਰੋ. ਪੀ. ਕੇ. ਸਿੰਗਲਾ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਭਾਗ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦਰਸਾਉਂਦੇ ਹਨ | ਇਸ ਮੌਕੇ ਗਣਿਤ ਵਿਭਾਗ ਦੇ ਪ੍ਰੋ. ਅਮਿਤ ਭਾਟੀਆ, ਡਾ. ਸੁਖਵਿੰਦਰ, ਪ੍ਰੋ. ਸੁਖਪਾਲ ਸਿੰਘ ਅਤੇ ਪ੍ਰੋ. ਦੀਪਿਕਾ ਰਾਣੀ ਨੇ ਵਿਦਿਆਰਥਣਾਂ ਦੀ ਇਸ ਕਾਮਯਾਬੀ ਨੂੰ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਦੱਸਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅੰਤ ਵਿਚ ਗਣਿਤ ਵਿਭਾਗ ਦੇ ਮੁਖੀ ਵਲੋਂ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਗਿਆ |