ਬੀਣੇਵਾਲ, 28 ਮਾਰਚ(ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਮੇਨ ਰੋਡ ਤੇ ਪਿੰਡ ਪੰਡੋਰੀ-ਬੀਤ, ਡੰਗੋਰੀ ਅਤੇ ਭਡਿਆਰ ਤੋਂ ਬਾਹਰਵਾਰ ਮੈਹਿੰਦਵਾਣੀ ਅਤੇ ਪੰਜਾਬ-ਹਿਮਾਚਲ ਬਾਰਡਰ ਤਕ ਜਾਂਦੀ ਪੰਜਾਬ ਦੇ ਹਿੱਸੇ ਦੀ ਕਰੀਬ ਪੰਜ ਕਿੱਲੋਮੀਟਰ ਲੰਬੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੈ | ਬੀਤ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਇਸ ਸੜਕ ਦੀ ਮੁਰੰਮਤ ਕਾਂਗਰਸ ਸਰਕਾਰ ਵੇਲੇ ਹੋਈ ਦੱਸੀ ਜਾਂਦੀ ਹੈ | ਪਿੰਡ ਮੈਹਿੰਦਵਾਣੀ ਦੇ ਕੁੱਝ ਮੋਹਤਵਰ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਬਣਾਉਣ ਵੇਲੇ ਹੀ ਘਟੀਆ ਮਟੀਰੀਅਲ ਲਗਾਉਣ ਕਾਰਨ ਕੁੱਝ ਦਿਨਾਂ 'ਚ ਹੀ ਟੁੱਟਣ ਲੱਗ ਗਈ ਸੀ | ਇਸ ਵਕਤ ਹਾਲਾਤ ਇਹ ਹਨ ਕਿ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਪੰਜਾਬ ਵਿਚ ਸ਼ਾਇਦ ਇਸ ਤੋਂ ਮਾੜੀ ਸੜਕ ਨਾ ਹੋਵੇ | ਇਸ ਸੜਕ ਤੇ ਆਵਾਜਾਈ ਬਹੁਤ ਹੈ | ਪੰਜਾਬ ਹੱਦ ਤੇ ਹਿਮਾਚਲ ਪ੍ਰਦੇਸ਼ ਵਿਚ ਲੱਗੀਆਂ ਫ਼ੈਕਟਰੀਆਂ ਨੂੰ ਕੱਚੇ ਮਾਲ ਸਮੇਤ ਹੋਰ ਵੀ ਬਹੁਤ ਸਾਰੀ ਸਮਗਰੀ ਪਰਾਲੀ ਵਗ਼ੈਰਾ ਅਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮਗਰੀ ਲੈ ਕੇ ਆ ਰਹੇ ਓਵਰਲੋਡ ਟਿੱਪਰ ਅਕਸਰ ਇਸੇ ਸੜਕ ਤੋਂ ਲੰਘਦੇ ਹਨ | ਜਿਸ ਕਰਕੇ ਇਸ ਰਸਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਹੋਰ ਵਾਹਨ ਇਸ ਰਸਤੇ ਜਾਣ ਤੋਂ ਪਰਹੇਜ਼ ਕਰਕੇ 15 ਕਿੱਲੋਮੀਟਰ ਦਾ ਫੇਰ ਪਾ ਕੇ ਵਾਇਆ ਅੱਡਾ ਝੁੰਗੀਆਂ ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ | ਸੜਕ ਵਿਚ ਵੱਡੇ ਵੱਡੇ ਖੱਡੇ ਬਣੇ ਹੋਏ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਮਾਮੂਲੀ ਜਿਹੀ ਮੀਂਹ ਪੈਣ ਤੇ ਖੱਡਿਆਂ ਵਿਚ ਪਾਣੀ ਭਰ ਜਾਂਦਾ ਹੈ ਜੋ ਕਿ ਪਰੇਸ਼ਾਨੀ ਦੀ ਸਬੱਬ ਬਣਦਾ ਹੈ | ਪਿੰਡ ਬਚਾਓ ਲੋਕ ਬਚਾਓ ਕਮੇਟੀ ਬੀਤ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਅਹੁਦੇਦਾਰਾਂ ਪ੍ਰਧਾਨ ਅਸ਼ੋਕ ਕੁਮਾਰ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ ,ਦਵਿੰਦਰ ਰਾਣਾ ਸਾਬਕਾ ਸਰਪੰਚ, ਪੰਮੀ ਸਾਬਕਾ ਸਰਪੰਚ, ਤਰਲੋਚਨ ਚੇਚੀ ਪਿ੍ੰਸੀਪਲ, ਅਮਨਦੀਪ ਚੇਚੀ ਬੀਣੇਵਾਲ, ਗਰੀਬ ਦਾਸ ਬੀਟਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਇਸ ਸੜਕ ਦੀ ਮੁਰੰਮਤ ਨਾ ਕੀਤੀ ਤਾਂ ਲੋਕਾਂ ਨਾਲ ਮੀਟਿੰਗ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਸੰਪਰਕ ਕਰਨ ਤੇ ਪੰਜਾਬ ਮੰਡੀ ਬੋਰਡ ਦੇ ਜ਼ਿੰਮੇਵਾਰ ਅਧਿਕਾਰੀ ਨੇ ਦੱਸਿਆ ਕਿ ਇਸ ਸੜਕ ਦਾ ਟੈਂਡਰ ਲੱਗ ਚੁੱਕਾ ਹੈ | ਸੜਕ ਦੀ ਉਸਾਰੀ ਹਰ ਹਾਲਤ ਵਿਚ 31 ਅਕਤੂਬਰ ਤਕ ਹੋ ਜਾਵੇਗੀ |