ਦਸੂਹਾ, 28 ਮਾਰਚ (ਕੌਸ਼ਲ)- ਹਲਕਾ ਦਸੂਹਾ ਦੇ ਪਿੰਡ ਬੋਦਲ ਛਾਉਣੀ ਨੂੰ ਵਿਕਾਸ ਕਾਰਜਾਂ ਲਈ ਉਸ ਵੇਲੇ ਵੱਡੀ ਸੌਗਾਤ ਮਿਲੀ ਜਦੋਂ ਵਿਧਾਇਕ ਘੁੰਮਣ ਵਲੋਂ ਪਿੰਡ ਦੀ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਹ ਰਕਮ ਉਸ ਪੰਚਾਇਤ ਨੂੰ ਇਨਾਮ ਵਜੋਂ ਪ੍ਰਦਾਨ ਕੀਤੀ ਗਈ ਹੈ ਜੋ ਹਾਲ ਹੀ ਵਿਚ ਹੋਈਆਂ ਗਰਾਮ ਪੰਚਾਇਤ ਚੋਣਾਂ ਵਿਚ ਸਰਬਸੰਮਤੀ ਨਾਲ ਚੁਣੀ ਗਈ ਸੀ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਸਨਮਾਨ ਰਾਸ਼ੀ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ, ਉਨ੍ਹਾਂ ਨੂੰ ਪਿੰਡ ਦੇ ਸਮੂਹਿਕ ਵਿਕਾਸ ਲਈ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਪਿੰਡ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ | ਖ਼ਾਸ ਕਰਕੇ ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਗਲੀਆਂ ਅਤੇ ਨਾਲੀਆਂ ਦੀ ਉਸਾਰੀ, ਸਟਰੀਟ ਲਾਈਟਾਂ ਅਤੇ ਹੋਰ ਜਨਤਕ ਭਲਾਈ ਦੇ ਕੰਮ ਪ੍ਰਾਥਮਿਕਤਾ ਨਾਲ ਕਰਵਾਏ ਜਾਣਗੇ | ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਫ਼ੰਡਾਂ ਦੀ ਵਰਤੋਂ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਿੱਧਾ ਲਾਭ ਮਿਲ ਸਕੇ | ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਪਿੰਡਾਂ ਵਿਚ ਨਵੀਂ ਤਰੱਕੀ ਦੇ ਰਸਤੇ ਖੁੱਲ੍ਹਣਗੇ | ਇਸ ਮੌਕੇ ਸਰਪੰਚ ਹਰਬੰਸ ਕੌਰ, ਸੰਮਤੀ ਮੈਂਬਰ ਰਿਪੂ ਦਮਨ ਕੌਰ, ਮੈਨੇਜਰ ਰਣਜੀਤ ਸਿੰਘ ਭੱਟੀ, ਪੰਚ ਬਲਦੇਵ ਸਿੰਘ, ਸੰਤੋਸ਼ ਕੌਰ, ਹਰਜੀਤ ਕੌਰ, ਮਲਕੀਤ ਕੌਰ, ਮਨਜੀਤ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ ਮਿੱਠੂ, ਕਮਲ ਨਰ, ਸਤਨਾਮ ਸਿੰਘ ਮੱਛੀਆਣਾ, ਗਰਦਾਵਰ ਜੋਗਿੰਦਰ ਸਿੰਘ ਲੰਬੜਦਾਰ, ਗੁਰਿੰਦਰ ਸਿੰਘ ਸਫ਼ਰੀ, ਦੀਦਾਰ ਸਿੰਘ, ਅਮਰਜੀਤ ਕੌਰ ਸਰਪੰਚ ਬੇਰਛਾ, ਬਲਜਿੰਦਰ ਸਿੰਘ ਫੌਜੀ, ਜੱਸਾ ਬੋਦਲ, ਸੰਦੀਪ ਸਿੰਘ ਸਰਾਂ ਅਤੇ ਤਜਿੰਦਰ ਸਿੰਘ ਸਾਬੀ ਸਮੇਤ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |