ਹੁਸ਼ਿਆਰਪੁਰ, 28 ਮਾਰਚ (ਨਰਿੰਦਰ ਸਿੰਘ ਬੱਡਲਾ)-ਮਾਸਟਰਜ਼ ਗੇਮਜ਼ ਫਾੳਾੂਡੇਸ਼ਨ ਵਲੋਂ ਸਪੋਰਟਸ ਕੰਪਲੈਕਸ ਚੰਡੀਗੜ੍ਹ 'ਚ ਕਰਵਾਈਆਂ ਖੇਲੋ ਮਾਸਟਰ ਨੈਸ਼ਨਲ ਖੇਡਾਂ-2026 'ਚ ਉਚੇਰੀ ਸਿੱਖਿਆ ਵਿਭਾਗ 'ਚ ਜੂਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੀ ਹੁਸ਼ਿਆਰਪੁਰ ਦੀ ਵਾਸੀ ਇੰਦਰਜੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 3 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ 'ਚ ਦੇਸ਼ 22 ਸੂਬਿਆਂ ਤੋਂ 2000 ਤੋ ਵੱਧ ਖਿਡਾਰੀਆਂ ਨੇ ਭਾਗ ਲਿਆ | ਖੇਡਾਂ ਦੌਰਾਨ ਉਨ੍ਹਾਂ ਡਿਸਕਸ ਥਰੋਅ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ, ਜੈਵਲਿਨ ਥਰੋਅ ਤੇ ਸ਼ਾਟਪੁੱਟ 'ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦੇ ਤਗਮੇ ਜਿੱਤੇ | ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਦੇ ਨਾਲ-ਨਾਲ ਉਹ ਖੇਡ 'ਚ ਬਿਹਤਰੀਨ ਨਤੀਜੇ ਦੇਣ ਲਈ ਰੋਜ਼ਾਨਾ ਸਖ਼ਤ ਮਿਹਨਤ ਕਰਦੇ ਹਨ |