ਹੁਸ਼ਿਆਰਪੁਰ, 28 ਮਾਰਚ (ਨਰਿੰਦਰ ਸਿੰਘ ਬੱਡਲਾ)-ਪੀ. ਏ. ਯੂ. ਕਿ੍ਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵਲੋਂ ਸਰਫੇਸ ਸੀਡਰ ਵਿਧੀ ਨਾਲ ਬੀਜੀ ਕਣਕ ਸਬੰਧੀ ਖੇਤ ਦਿਵਸ ਮਾਹਿਲਪੁਰ ਬਲਾਕ ਦੇ ਪਿੰਡ ਰਸੂਲਪੁਰ ਵਿਖੇ ਮਨਾਇਆ ਗਿਆ | ਇਸ ਵਿਧੀ ਨਾਲ ਅਮਰਜੀਤ ਸਿੰਘ ਨੇ ਪਹਿਲੀ ਵਾਰ 5 ਖੇਤਾਂ 'ਤੇ ਸਫਲਤਾ ਪੂਰਵਕ ਬਿਜਾਈ ਕੀਤੀ ਹੈ | ਕੈਂਪ ਦੀ ਸ਼ੁਰੂਆਤ 'ਚ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਉਪਲਬਧ ਮਸ਼ੀਨਰੀ ਤੇ ਤਕਨੀਕਾਂ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ | ਸਹਾਇਕ ਪੋ੍ਰਫੈਸਰ ਡਾ. ਅਜੈਬ ਸਿੰਘ ਨੇ ਪਰਾਲੀ ਪ੍ਰਬੰਧਨ ਬਾਬਤ ਉਪਲਬਧ ਮਸ਼ੀਨਰੀ ਦੀ ਵਰਤੋਂ ਅਤੇ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਪਰਾਲੀ ਦੀ ਪਸ਼ੂ ਖ਼ੁਰਾਕ, ਮਲਚ, ਖੁੰਬ ਉਤਪਾਦਨ, ਊਰਜਾ, ਖਾਦ ਤੇ ਗੱਤਾ ਉਦਯੋਗ ਵਿਚ ਵਰਤੋਂ ਬਾਰੇ ਵੀ ਜਾਗਰੂਕ ਕੀਤਾ | ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਉਪਰੰਤ ਕਣਕ ਦੀ ਬਿਜਾਈ ਦੀ ਪ੍ਰਦਰਸ਼ਨੀ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ | ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ, ਮਹਿੰਦਰ ਸਿੰਘ ਗਿੱਲ, ਸੋਹਣ ਸਿੰਘ, ਨੰਬਰਦਾਰ ਮਨਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸੰਤੋਖ ਸਿੰਘ, ਹਰਨੇਕ ਸਿੰਘ, ਕੈਪਟਨ ਅਜੀਤ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |