ਬੀਣੇਵਾਲ, 2 ਅਪ੍ਰੈਲ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਪੰਜਾਬ ਦੀਆਂ ਹੱਦਾਂ 'ਤੇ ਲਗਾਏ ਐਂਟਰੀ ਟੈਕਸ ਖ਼ਿਲਾਫ਼ ਕੋਕੋਵਾਲ ਮਜਾਰੀ ਨੇੜੇ ਹਿਮਾਚਲ ਹੱਦ 'ਤੇ (ਗੜ੍ਹਸ਼ੰਕਰ ਨੰਗਲ ਰੋਡ) ਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ ਪੰਜਾਬ ਤੇ ਆਜ਼ਾਦ ਟੈਕਸੀ ਯੂਨੀਅਨ ਵਲੋਂ ਲਗਾਤਾਰ ਪੰਜ ਘੰਟੇ ਟ੍ਰੈਫਿਕ ਜਾਮ ਕਰਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ | ਇਹ ਧਰਨਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਪੰਜ ਘੰਟਿਆਂ ਤੱਕ ਚੱਲਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਗਾਇਆ ਗਿਆ ਐਂਟਰੀ ਟੈਕਸ ਨਾਜਾਇਜ਼ ਹੈ ਤੇ ਇਸ ਨੇ ਤਾਂ ਔਰੰਗਜ਼ੇਬ ਦੇ ਜਜੀਆ ਟੈਕਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਧਰਨੇ 'ਚ ਸ਼ਾਮਿਲ ਹੋ ਕੇ ਏਕ ਪਹਿਲ ਸੰਸਥਾ ਦੇ ਤਰਸੇਮ ਸਿੰਘ ਜੱਸੋਵਾਲ ਅਤੇ ਸਮਾਜ ਸੇਵਕ ਦਲਜੀਤ ਸਿੰਘ ਬੈਂਸ ਖੁਰਦਾਂ ਵਲੋਂ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ | ਐੱਸ. ਡੀ. ਐੱਮ. ਗੜ੍ਹਸ਼ੰਕਰ ਸੰਜੀਵ ਗੌੜ ਤੇ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਅਤੇ ਹਿਮਾਚਲ ਪ੍ਰਦੇਸ਼ ਉਪ ਮੰਡਲ ਹਰੋਲੀ ਦੇ ਐੱਸ. ਡੀ. ਐੱਮ. ਵਿਸ਼ਾਲ ਸ਼ਰਮਾ ਤੇ ਡੀ. ਐੱਸ. ਪੀ. ਹਰੋਲੀ ਮੋਹਨ ਲਾਲ ਰਾਵਤ ਮੌਕੇ ਨੇ ਪਹੁੰਚੇ ਕੇ ਮੰਗ ਪੱਤਰ ਲਏ ਤੇ ਸਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਜਲਦੀ ਐਂਟਰੀ ਟੈਕਸ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ | ਇਸ ਮੌਕੇ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਅਜੈਬ ਸਿੰਘ ਬੋਪਾਰਾਏ, ਰਾਜ ਕੁਮਾਰ ਰਾਣਾ ਵਾਇਸ ਪ੍ਰਧਾਨ ਭਾਜਪਾ, ਤਰਸੇਮ ਸਿੰਘ ਜੱਸੋਵਾਲ, ਸਮਾਜ ਸੇਵੀ ਦਲਜੀਤ ਸਿੰਘ ਬੈਂਸ ਖੁਰਦਾਂ, ਸਤਪਾਲ ਧੰਜਲ ਹਰਮਾਂ, ਸਚਿਨ ਧੀਮਾਨ, ਲੀਡਰ ਕਟਾਰੀਆ, ਪਵਨ ਸ਼ਰਮਾ, ਬਿੰਦੂ ਭੂੰਬਲਾ, ਗਰੀਬ ਦਾਸ ਬੀਟਨ, ਸੰਮਤੀ ਮੈਂਬਰ ਕਮਲ ਕਟਾਰੀਆ, ਸੰਮਤੀ ਮੈਂਬਰ ਮੋਹਨ ਲਾਲ, ਟੈਕਸੀ ਯੂਨੀਅਨ ਦੇ ਅਜੇ ਸ਼ਰਮਾ, ਬਲਵਿੰਦਰ ਸਿੰਘ ਸੋਢੀ ਸਰਪੰਚ ਝੋਣੋਵਾਲ, ਪਰਮਜੀਤ ਸਿੰਘ ਸਰਪੰਚ ਗੜ੍ਹੀ ਮਾਨਸੋਵਾਲ, ਕਮਲਜੀਤ ਬਿੱਟੂ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ, ਮਿੰਟੂ ਨੰਬਰਦਾਰ, ਜਗਦੀਪ ਸਿੰਘ ਬੀ. ਕੇ. ਯੂ., ਟੈਕਸੀ ਯੂਨੀਅਨ ਦੇ ਜਸਵੀਰ ਸਿੰਘ, ਅਜੇ ਕੁਮਾਰ, ਸੁਖਦੇਵ ਸਿੰਘ, ਨਵੀਨ ਬਾਲੀ, ਸੋਨੂੰ ਟਿੱਬੀਆਂ, ਮਿੱਠੂ ਗੜ੍ਹੀ ਮਾਨਸੋਵਾਲ ਤੇ ਅਮਰਜੀਤ ਸਿੰਘ ਝੋਣੋਵਾਲ ਆਦਿ ਹਾਜ਼ਰ ਸਨ |