ਹੁਸ਼ਿਆਰਪੁਰ, 4 ਅਪੈ੍ਰਲ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਜਗਤਾਰ ਸਿੰਘ ਭੁੰਗਰਨੀ ਅਤੇ ਸੁਰਜੀਤ ਸਿੰਘ ਮਸੂਤਾ ਨੇ ਸਾਂਝੇ ਤੌਰ 'ਤੇ ਕਿ ਫ਼ਰੰਟ ਕਿਸੇ ਵੀ ਸਿਆਸੀ ਪਾਰਟੀ ਦਾ ਹੱਥ ਠੋਕਾ ਨਹੀਂ ਬਣੇਗਾ, ਕਿਉਂਕਿ ਕੁੱਝ ਸਿਆਸੀ ਲੋਕ ਫ਼ਰੰਟ ਦੇ ਅਹੁਦੇਦਾਰਾਂ ਨਾਲ ਆਪਣਾ ਰਾਬਤਾ ਬਣਾ ਕੇ ਅਤੇ ਆਪਣੇ ਮੁਫ਼ਾਦ ਲਈ ਧਾਰਮਿਕ ਭਾਵਨਾਵਾਂ ਤੇ ਪੰਜਾਬ ਦੇ ਭਲੇ ਦੀਆਂ ਗੱਲਾਂ ਕਰਕੇ ਗੁੰਮਰਾਹ ਕਰ ਰਹੇ ਹਨ, ਜਦਕਿ ਰਾਖਵੀਂ ਸੀਟ ਵਾਲੇ ਹਲਕਿਆਂ 'ਚ ਇਨ੍ਹਾਂ ਲੀਡਰਾਂ ਨੇ ਕਦੇ ਵੀ ਜਨਰਲ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਕੋਈ ਉਪਰਾਲਾ ਜਾਂ ਇਸ 'ਤੇ ਕੋਈ ਵਿਚਾਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੁਫ਼ਾਦ ਲਈ ਸਿੱਖ ਰਾਜਪੂਤ ਭਾਈਚਾਰੇ ਨੂੰ ਬੀ.ਸੀ. 'ਚ ਪਾ ਕੇ ਬਹੁਤ ਹੀ ਘਟੀਆ ਕੰਮ ਕੀਤਾ ਸੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਰਲ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਅੱਜ ਤੱਕ ਜਨਰਲ ਕਮਿਸ਼ਨ ਦਾ ਚੇਅਰਮੈਨ ਨਾ ਲਗਾ ਕੇ ਜਨਰਲ ਵਰਗ ਪ੍ਰਤੀ ਆਪਣੀ ਭੈੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਜਦਕਿ ਇਸ ਸਬੰਧੀ ਅਨੇਕਾਂ ਵਾਰ ਡਿਪਟੀ ਕਮਿਸ਼ਨਰ, ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਜਨਰਲ ਕੈਟਾਗਰੀ ਫ਼ਰੰਟ ਕਿਸੇ ਵੀ ਸਿਆਸੀ ਪਾਰਟੀ ਦੀਆ ਚਾਲਾਂ 'ਚ ਨਹੀਂ ਆਵੇਗਾ ਅਤੇ ਚੋਣਾਂ 'ਚ ਸਮਰਥਨ ਦਾ ਫ਼ੈਸਲਾ ਨਿਰਪੱਖ ਹੋ ਕੇ ਲਿਆ ਜਾਵੇਗਾ |